ਪਿੰਡ ਦੱਪਰ ਨੇੜੇ ਝਰਮਲ ਨਦੀ ਵਿੱਚ ਫੈਕਟਰੀਆਂ ਵੱਲੋਂ ਕਥਿਤ ਤੌਰ ’ਤੇ ਕੈਮੀਕਲ ਵਾਲਾ ਪਾਣੀ ਛੱਡਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਲੋਕਾਂ ਦਾ ਦੋਸ਼ ਹੈ ਕਿ ਨਦੀ ਵਿੱਚ ਛੱਡੇ ਜਾ ਰਹੇ ਗੰਦੇ ਪਾਣੀ ਕਾਰਨ ਇਲਾਕੇ ਦਾ ਵਾਤਾਵਰਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਪਿੰਡ ਦੱਪਰ ਵਾਸੀ ਪ੍ਰਦੀਪ ਸਿੰਘ ਰੰਗੀ, ਬਖਸ਼ੀਸ਼ ਸਿੰਘ ਭੱਟੀ, ਬਲਕਾਰ ਸਿੰਘ, ਮੋਤੀ ਰਾਮ, ਸੁਰਿੰਦਰ ਸਿੰਘ ਤੇ ਗੁਰਪਾਲ ਸਿੰਘ ਨੇ ਦੱਸਿਆ ਕਿ ਨਦੀ ਵਿੱਚ ਗੰਦਾ ਤੇ ਦੂਸ਼ਿਤ ਪਾਣੀ ਆਉਣ ਦੇ ਨਾਲ ਆਸ-ਪਾਸ ਦੇ ਇਲਾਕੇ ਵਿੱਚ ਵੀ ਬਦਬੂ ਅਤੇ ਗੰਦਗੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਮਿਲਦੀ ਹੈ ਤਾਂ ਸਬੰਧਤ ਫੈਕਟਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪਿੰਡ ਦੱਪਰ ਤੋਂ ਤੋਗਾਂਪੁਰ ਦੇ ਵਸਨੀਕਾਂ ਨੂੰ ਵੀ ਗੰਦੇ ਪਾਣੀ ਅਤੇ ਖ਼ਰਾਬ ਰਸਤੇ ਕਾਰਨ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਝਰਮਲ ਨਦੀ ਦੀ ਸਫ਼ਾਈ ਕਰਵਾਉਣ ਅਤੇ ਪਾਣੀ ਛੱਡਣ ’ਤੇ ਰੋਕ ਲਾਉਣ ਦੀ ਮੰਗ ਕੀਤੀ।
ਅਧਿਕਾਰੀਆਂ ਨੂੰ ਬਣਦੀ ਕਾਰਵਾਈ ਲਈ ਆਖਾਂਗੇ: ਐੱਸ ਡੀ ਐੱਮ
ਐੱਸ ਡੀ ਐੱਮ ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮੌਕਾ ਦੇਖ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਜਾਵੇਗਾ।

