ਅਮਲਾਲਾ ’ਚ ਗ਼ੈਰ-ਕਾਨੂੰਨੀ ਖਣਨ ਵਿਰੁੱਧ ਲੋਕ ਰੋਹ ਵਧਿਆ
ਖਣਨ ਮਾਫੀਆ ਵਿਰੁੱਧ ਪ੍ਰਦਰਸ਼ਨ ਜਾਰੀ; ਕਾਂਗਰਸ, ਭਾਜਪਾ ਤੇ ਅਕਾਲੀ ਆਗੂਆਂ ਨੇ ਸਮਰਥਨ ਦਿੱਤਾ
ਨੇੜਲੇ ਪਿੰਡ ਅਮਲਾਲਾ ’ਚ ਗ਼ੈਰ-ਕਾਨੂੰਨੀ ਖਣਨ ਵਿਰੁੱਧ ਖੇਤਰ ਦੇ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਹੈ। ਪਿੰਡ ਅਮਲਾਲਾ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਮਾਈਨਿੰਗ ਮਾਫੀਆ ਵਿਰੁੱਧ ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਇਸ ਸੰਘਰਸ਼ ਨੂੰ ਹੋਰ ਤਾਕਤ ਮਿਲੀ ਜਦੋਂ ਰਾਜਪੁਰਾ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਅਕਾਲੀ ਦਲ ਤੋਂ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ, ਸੀਨੀਅਰ ਭਾਜਪਾ ਆਗੂ ਸਰਦਾਰ ਗੁਰਦਸ਼ਨ ਸਿੰਘ ਸੈਣੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਸਪਾਲ ਸਿੰਘ ਜ਼ੀਰਕਪੁਰ, ਛੱਜਾ ਸਿੰਘ ਕੁਰੜੀ ਨੇ ਧਰਨੇ ’ਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਸਮਰਥਨ ਦਿੱਤਾ।
ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਡੀ-ਸਿਲਟਿੰਗ ਦੀ ਆੜ ਹੇਠ ਘੱਗਰ ਨਦੀ ਤੋਂ ਵੱਡੇ ਪੈਮਾਨੇ ’ਤੇ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਮਾਈਨਿੰਗ ਸਮੱਗਰੀ ਵਾਲੇ ਭਾਰੀ ਟਿੱਪਰਾਂ ਕਾਰਨ ਘੱਗਰ ਨਦੀ ’ਤੇ ਬਣੇ ਪੁਲ ਦੀ ਹਾਲਤ ਖ਼ਸਤਾ ਹਾਲ ਹੋ ਚੁੱਕੀ ਹੈ। ਇਹ ਪੁਲ ਕਾਰਸੇਵਾ ਘੜਾਮ ਵਾਲੇ ਬਾਬਿਆਂ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ। ਉਨ੍ਹਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਨਾਜਾਇਜ਼ ਖਣਨ ਵਿੱਚ ਲੱਗੇ ਓਵਰਲੋਡ ਵਾਹਨਾਂ ਕਾਰਨ ਪੁਲ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਪਿੰਡ ਵਾਸੀ ਬਲਿਹਾਰ ਸਿੰਘ ਬੱਲੀ ਅਤੇ ਹੋਰਨਾਂ ਨੇ ਦੱਸਿਆ ਕਿ ਜੇਕਰ ਖਣਨ ਤੁਰੰਤ ਨਾ ਰੁਕੀ ਤਾਂ ਪੁਲ ਕੋਈ ਵੀ ਸਮੇਂ ਟੁੱਟ ਸਕਦਾ ਹੈ, ਜਿਸ ਨਾਲ ਪੂਰੇ ਖੇਤਰ ਦਾ ਸੰਪਰਕ ਟੁੱਟ ਜਾਵੇਗਾ ਅਤੇ ਕੋਈ ਵੱਡਾ ਜਾਨ-ਮਾਲ ਦਾ ਹਾਦਸਾ ਹੋ ਸਕਦਾ ਹੈ।
ਭਾਜਪਾ ਆਗੂ ਗੁਰਦਸ਼ਨ ਸਿੰਘ ਸੈਣੀ ਨੇ ਮੌਕੇ ’ਤੇ ਮੌਜੂਦ ਕਾਰਸੇਵਾ ਘੜਾਮ ਵਾਲੇ ਬਾਬਿਆਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹ ਇਸ ਸੰਘਰਸ਼ ’ਚ ਖੇਤਰ ਦੇ ਲੋਕਾਂ ਨਾਲ ਹਨ। ਉਨ੍ਹਾਂ ਨੇ ਖਣਨ ਕਾਰਨ ਖ਼ਰਾਬ ਹੋਏ ਪੁਲ ਦੀ ਮੁਰੰਮਤ ਲਈ ਯੋਗਦਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹਾਜ਼ਰ ਲੋਕਾਂ ਅਤੇ ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਗ਼ੈਰ-ਕਾਨੂੰਨੀ ਗਤੀਵਿਧੀ ’ਤੇ ਤੁਰੰਤ ਰੋਕ ਲਗਾਈ ਜਾਵੇ। ਧਰਨਾਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਮਾਈਨਿੰਗ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਅਤੇ ਪੁਲ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਸਿਆਸੀ ਆਗੂਆਂ ਵੱਲੋਂ ਪੁਲ ਦੀ ਮੁਰੰਮਤ ਲਈ ਵਿੱਤੀ ਮਦਦ
ਪੁਲ ਦੀ ਮੁਰੰਮਤ ਲਈ ਸਿਆਸੀ ਆਗੂਆਂ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਵਲੋਂ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ, ਜਸਪਾਲ ਸਿੰਘ ਜ਼ੀਰਕਪੁਰ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਬਲਿਹਾਰ ਸਿੰਘ ਬੱਲੀ ਵੱਲੋਂ ਇਕ-ਇਕ ਲੱਖ ਰੁਪਏ, ਪ੍ਰਦੀਪ ਪਾਲ ਅਤੇ ਭੁਪਿੰਦਰ ਸਿੰਘ ਭਾਂਖਰਪੁਰ ਵੱਲੋਂ 50-50 ਹਜ਼ਾਰ ਰੁਪਏ, ਰਤਨ ਸਿੰਘ ਫੌਜੀ, ਬਲਦੇਵ ਸਿੰਘ, ਹਰਨੇਕ ਸਿੰਘ ਨੰਬਰਦਾਰ ਵਲੋਂ 21-21 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ। ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਤਾਰ ਅਤੇ ਹੋਰ ਲੋੜੀਂਦਾ ਸਾਮਾਨ ਮੌਕੇ ’ਤੇ ਹੀ ਦਿੱਤਾ।

