PU Students Protest: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪੁਲੀਸ ਵੱਲੋਂ ਖਿੱਚ-ਧੂਹ
ਵਿਦਿਆਰਥੀਆਂ ਵੱਲੋਂ ਮੁੱਖ ਚੋਣ ਅਫਸਰ ਦੇ ਦਫ਼ਤਰ ਤੱਕ ਮਾਰਚ
PU Students Protest: ਪੰਜਾਬ ਯੂਨੀਵਰਸਿਟੀ ਦੀਆਂ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਯੂਨੀਵਰਸਿਟੀ ਕੈਂਪਸ ਤੋਂ ਲੈ ਕੇ ਸੈਕਟਰ 17 ਸਥਿਤ ਮੁੱਖ ਚੋਣ ਅਫਸਰ ਪੰਜਾਬ ਦੇ ਦਫਤਰ ਤੱਕ ਰੋਸ ਮਾਰਚ ਕੱਢਿਆ ਗਿਆ। ਵਿਦਿਆਰਥੀਆਂ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਅਤੇ ਆਰ ਐੱਸ ਐੱਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐੱਸ ਆਈ ਆਰ ਰੱਦ ਕਰਨ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਰੋਸ ਮਾਰਚ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਸੱਥ, ਜਮਹੂਰੀ ਅਧਿਕਾਰ ਸਭਾ, ਐੱਨ ਐੱਸ ਯੂ ਆਈ, ਪੀ ਐੱਫ ਯੂ ਐੱਸ ਅਤੇ ਪੀ ਸੀ ਐੱਸ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਡਾਇਆਲੈਕਟਿਕਾ ਸਟੂਡੈਂਟਸ ਐਸੋਸੀਏਸ਼ਨ, ਦਿਸ਼ਾ ਵਿਦਿਆਰਥੀ ਸੰਗਠਨ, ਸਟੂਡੈਂਟਸ ਫਾਰ ਸੁਸਾਇਟੀ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਵਿਦਿਆਰਥੀਆਂ ਨੇ ਭਾਜਪਾ ਦੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਲਿਆਂਦੀ ਐੱਸ ਆਈ ਆਰ ਪ੍ਰਕਿਰਿਆ ਖ਼ਿਲਾਫ਼ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਲਈ ਮਾਰਚ ਕੀਤਾ। ਚੰਡੀਗੜ੍ਹ ਪੁਲੀਸ ਵੱਲੋਂ ਬੈਰੀਕੇਡ ਲਾ ਕੇ ਰੋਸ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਦਿਆਰਥੀਆਂ ਨੇ ਪ੍ਰਵਾਹ ਨਾ ਕਰਦਿਆਂ ਰੋਸ ਮਾਰਚ ਜਾਰੀ ਰੱਖਿਆ ਅਤੇ ਮੁੱਖ ਚੋਣ ਅਫਸਰ ਦਫਤਰ ਪਹੁੰਚੇ। ਵਿਦਿਆਰਥੀਆਂ ਨਾਲ ਪੁਲੀਸ ਵੱਲੋਂ ਖਿੱਚ ਧੂਹ ਕੀਤੀ ਗਈ ਅਤੇ ਮਹਿਲਾ ਪੁਲੀਸ ਕਰਮਚਾਰੀਆਂ ਦੀ ਅਣਹੋਂਦ ਵਿੱਚ ਪੁਰਸ਼ ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਵੱਲੋਂ ਵਿਦਿਆਰਥਣਾਂ ਦੀ ਧੂਹ ਘੜੀਸ ਕੀਤੀ ਗਈ। ਪੁਲੀਸ ਨੇ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੁਲੀਸ ਨੂੰ ਚੁਣੌਤੀ ਦਿੱਤੀ ਗਈ ਕਿ ਜੇ ਹਿਰਾਸਤ ’ਚ ਲਏ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਦਫ਼ਤਰ ਮੂਹਰੇ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ, ਜਿਸ ਦੇ ਦਬਾਅ ਹੇਠ ਪੁਲੀਸ ਨੇ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ।
ਰੋਸ ਮੁਜ਼ਾਹਰੇ ਦੌਰਾਨ ਵਿਦਿਆਰਥੀ ਆਗੂਆਂ ਸਾਰਾਹ, ਅਸ਼ਮੀਤ ਸਿੰਘ, ਜੋਬਨ ਸਿੰਘ, ਆਯੂਸ਼, ਵਰਿਸ਼ਾਲੀ, ਅਜੇਪਾਲ, ਰਾਹੁਲ, ਸੰਦੀਪ, ਮਨਪ੍ਰੀਤ ਸਿੰਘ, ਹਰਪੁਨੀਤ ਕੌਰ ਆਦਿ ਨੇ ਕਿਹਾ ਕਿ ਭਾਜਪਾ ਸਰਕਾਰ 2019 ਤੋਂ ਹੀ ਆਪਣੇ ਹਿੰਦੂ ਰਾਸ਼ਟਰ ਬਣਾਉਣ ਦੇ ਫਾਸ਼ੀਵਾਦੀ ਏਜੰਡੇ ਨੂੰ ਥੋਪਣ ਲਈ ਨਵੇਂ ਕਾਨੂੰਨ ਲਾਗੂ ਕਰਦੀ ਆ ਰਹੀ ਹੈ, ਜਿਸ ਦਾ ਲੋਕਾਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ ਹੈ। ਜਦੋਂ ਸੀ ਏ ਏ ਅਤੇ ਐੱਨ ਆਰ ਸੀ ਰਾਹੀਂ ਧਾਰਮਿਕ ਘੱਟ ਗਿਣਤੀਆਂ ਅਤੇ ਗਰੀਬ ਮਜ਼ਦੂਰਾਂ ਤੋਂ ਨਾਗਰਿਕਤਾ ਦਾ ਹੱਕ ਖੋਹਣ ਦੀ ਚਾਲ ਕਾਮਯਾਬ ਨਾ ਹੋਈ ਤਾਂ ਹੁਣ ਚੋਣ ਕਮਿਸ਼ਨ ਦੇ ਐੱਸ ਆਈ ਆਰ ਰਾਹੀਂ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਦਿੱਲੀ ਵਿੱਚ ਸਰਕਾਰ ਨੇ ਪੁਲੀਸ, ਫੌਜ, ਅਤੇ ਪੈਰਾਮਿਲਟਰੀ ਫੋਰਸ ਲੋਕਾਂ ਨੂੰ ਦਬਾਉਣ ਲਈ ਤਾਇਨਾਤ ਕੀਤਾ ਹੋਇਆ ਹੈ, ਪਰ ਲੋਕ ਬੇਬਾਕੀ ਨਾਲ ਪੁਲੀਸ ਦਾ ਟਾਕਰਾ ਕਰ ਰਹੇ ਹਨ।

