PU Student Elections: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕਾਊਂਸਲ ਚੋਣਾਂ 31 ਅਗਸਤ ਨੂੰ
24 ਅਗਸਤ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ
PU Student Elections: ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕਾਊਂਸਲ (PUCSC) ਦੀਆਂ ਚੋਣਾਂ 31 ਅਗਸਤ ਨੂੰ ਕਰਵਾਈਆਂ ਜਾਣਗੀਆਂ। ਯੂਨੀਵਰਸਿਟੀ ਵੱਲੋਂ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਚੋਣ ਪ੍ਰੋਗਰਾਮ ਅਨੁਸਾਰ 24 ਅਗਸਤ ਨੂੰ ਸਵੇਰੇ 9.30 ਵਜੇ ਤੋਂ 10.30 ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਇਸ ਤੋਂ ਬਾਅਦ ਸਵੇਰੇ 10.35 ਵਜੇ ਤੋਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਸ਼ੁਰੂ ਹੋਵੇਗੀ। ਦੁਪਹਿਰ 12 ਵਜੇ ਸਬੰਧਤ ਵਿਭਾਗ ਦੇ ਨੋਟਿਸ ਬੋਰਡ ’ਤੇ ਉਮੀਦਵਾਰਾਂ ਦੀ ਸੂਚੀ ਲਾਈ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12.30 ਵਜੇ ਤੋਂ 1.30 ਵਜੇ ਤੱਕ ਇਤਰਾਜ਼ ਦਰਜ ਕਰਵਾਏ ਜਾ ਸਕਣਗੇ।
ਉਮੀਦਵਾਰਾਂ ਨੂੰ ਆਰਜ਼ੀ ਸੂਚੀ ਅਤੇ ਇਤਰਾਜ਼ ਦੁਪਹਿਰ 2.30 ਵਜੇ ਤੱਕ ਡੀ ਐੱਸ ਡਬਲਿਊ ਦਫ਼ਤਰ ਵਿੱਚ ਭੇਜਣ ਦੀ ਇਜਾਜ਼ਤ ਹੋਵੇਗੀ।
25 ਅਗਸਤ ਨੂੰ ਅੰਤਿਮ ਉਮੀਦਵਾਰਾਂ ਦੀ ਸੂਚੀ ਹੋਵੇਗੀ ਜਾਰੀ
25 ਅਗਸਤ ਨੂੰ ਸਵੇਰੇ 10 ਵਜੇ ਮਨਜ਼ੂਰਸ਼ੁਦਾ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਸਵੇਰੇ 10.30 ਵਜੇ ਤੋਂ ਦੁਪਹਿਰ 12 ਵਜੇ ਤੱਕ ਉਮੀਦਵਾਰਾਂ ਨੂੰ ਨਾਮਜ਼ਦਗੀ ਵਾਪਸ ਲੈਣ ਦਾ ਮੌਕਾ ਦਿੱਤਾ ਜਾਵੇਗਾ। ਦੁਪਹਿਰ 2.30 ਵਜੇ ਡੀਐੱਸਡਬਲਿਊ ਦਫ਼ਤਰ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ।
31 ਅਗਸਤ ਨੂੰ ਸਵੇਰੇ 9.30 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਵੋਟਾਂ ਦੀ ਗਿਣਤੀ ਦੁਪਹਿਰ 12.30 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ। ਵਿਭਾਗੀ ਨੁਮਾਇੰਦਿਆਂ ਦੇ ਚੋਣ ਨਤੀਜੇ 8 ਸਤੰਬਰ ਨੂੰ ਡੀਐੱਸਡਬਲਿਊ ਦਫ਼ਤਰ ਨੂੰ ਭੇਜੇ ਜਾਣਗੇ। ਇਸ ਤੋਂ ਬਾਅਦ ਐਗਜ਼ੈਕਟਿਵ ਦੀ ਚੋਣ 11 ਸਤੰਬਰ ਨੂੰ ਕਰਵਾਈ ਜਾਵੇਗੀ।
ਸਤੰਬਰ ਦੇ ਪਹਿਲੇ ਹਫ਼ਤੇ ਚੋਣਾਂ ਕਰਵਾਉਣ ਦੀ ਪਹਿਲਾਂ ਸੀ ਤਜਵੀਜ਼
ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪਹਿਲਾਂ ਚੋਣਾਂ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਕਰਵਾਉਣ ਦੀ ਤਜਵੀਜ਼ ਰੱਖੀ ਸੀ। ਹਾਲਾਂਕਿ, ਪੁਲੀਸ ਬਲ ਦੀ ਉਪਲਬਧਤਾ ਨਾ ਹੋਣ ਕਾਰਨ ਇਹ ਤਜਵੀਜ਼ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ 31 ਅਗਸਤ ਨੂੰ ਚੋਣਾਂ ਕਰਵਾਉਣ ਦੀ ਤਜਵੀਜ਼ ਰੱਖੀ ਗਈ, ਜਿਸ ਨੂੰ ਯੂਟੀ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ।

