PU Student Elections: ਏ ਬੀ ਵੀ ਪੀ ਨੇ ਪੰਜਾਬ ਯੂਨੀਵਰਸਿਟੀ ’ਚ ਮੁੜ ਪਰਚਮ ਲਹਿਰਾਇਆ
ABVP PU Victory: ਅੰਕਿਤ ਬਿਧਾਨ ਪ੍ਰਧਾਨ, ਅਰਮਾਨ ਸਿੰਘ ਭਿੰਡਰ ਵਾਈਸ ਪ੍ਰਧਾਨ, ਧਿਆਨ ਸਿੰਘ ਸਕੱਤਰ ਅਤੇ ਵਿਸ਼ਾਲ ਬਾਮਲ ਜੁਆਇੰਟ ਸਕੱਤਰ ਚੁਣੇ
ABVP PU Victory: ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ’ਚ ਇਸ ਵਾਰ ਮੁੜ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਦੀ ਜਿੱਤ ਹੋਈ ਹੈ। ਏ ਬੀ ਵੀ ਪੀ ਦੇ ਉਮੀਦਵਾਰ ਅੰਕਿਤ ਬਿਧਾਨ ਚੋਣ ਜਿੱਤ ਕੇ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਬਣ ਗਏ ਹਨ। ਪ੍ਰਧਾਨਗੀ ਦੇ ਅਹੁਦੇ ਉੱਤੇ ਏ ਬੀ ਵੀ ਪੀ ਦੀ ਇਹ ਲਗਾਤਾਰ ਦੂਜੀ ਜਿੱਤ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਦਿਆਰਥੀ ਵਿੰਗ ਐੱਸ ਓ ਆਈ ਵੱਲੋਂ ਵੀ ਬੀਤੇ ਦਿਨ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਨੂੰ ਸਮਰਥਨ ਦੇ ਦਿੱਤਾ ਗਿਆ ਸੀ। ਅੱਜ ਅੰਕਿਤ ਬਿਧਾਨ ਦੀ ਜਿੱਤ ਅਤੇ ਇਸ ਗੱਠਜੋੜ ਨੇ ਸਿਆਸੀ ਗਲਿਆਰਿਆਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਂ ਚਰਚਾ ਛੇੜ ਦਿੱਤੀ ਹੈ।
ਅੱਜ ਜਿਉਂ ਹੀ ਪੀ ਯੂ ਦੇ ਜਿਮਨੇਜ਼ੀਅਮ ਹਾਲ ਵਿੱਚ ਚੋਣ ਨਤੀਜੇ ਐਲਾਨੇ ਗਏ ਤਾਂ ਅੰਕਿਤ ਬਿਧਾਨ ਦੀ ਜਿੱਤ ਦੀ ਖ਼ਬਰ ਸੁਣਦਿਆਂ ਹੀ ਏ ਬੀ ਵੀ ਪੀ ਅਤੇ ਐੱਸ ਓ ਆਈ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਅੰਕਿਤ ਦੇ ਸਮਰਥਕਾਂ ਨੇ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਜਿੱਤ ਦੇ ਜਸ਼ਨ ਮਨਾਏ।
ਏ ਬੀ ਵੀ ਪੀ ਦੇ ਪ੍ਰਧਾਨਗੀ ਉਮੀਦਵਾਰ ਅੰਕਿਤ ਨੇ ਜਿੱਤ ਉਪਰੰਤ ਤੀਲਾਂ ਵਾਲਾ ਝਾੜੂ ਤੋੜ ਕੇ ‘ਆਪ’ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕੀਤਾ ਕਿਉਂਕਿ ਪ੍ਰਧਾਨਗੀ ਲਈ ਮੁੱਖ ਮੁਕਾਬਲਾ ਏ ਬੀ ਵੀ ਪੀ ਦੇ ਅੰਕਿਤ ਅਤੇ ਏ ਐੱਸ ਏ ਪੀ ਦੇ ਉਮੀਦਵਾਰ ਆਦਿਲ ਬਰਾੜ ਵਿਚਾਲੇ ਰਿਹਾ। ਅੰਕਿਤ ਨੇ ਆਦਿਲ ਬਰਾੜ ਨੂੰ ਬਹੁਤ ਥੋੜ੍ਹੇ ਫ਼ਰਕ ਨਾਲ ਹਰਾਇਆ ਜਦੋਂਕਿ ਕਾਂਗਰਸ ਪਾਰਟੀ ਦਾ ਵਿਦਿਆਰਥੀ ਵਿੰਗ ਐੱਨ ਐੱਸ ਯੂ ਆਈ ਪ੍ਰਧਾਨਗੀ ਦੀ ਚੋਣ ਵਿੱਚ ਤੀਜੇ ਸਥਾਨ ’ਤੇ ਰਿਹਾ।
ਇਸ ਜਿੱਤ ਨੂੰ ਨਾ ਸਿਰਫ਼ ਵਿਦਿਆਰਥੀ ਰਾਜਨੀਤੀ ਵਿੱਚ ਅਹਿਮ ਹੈ, ਸਗੋਂ ਇਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਹੱਤਵਪੂਰਨ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਅਕਾਲੀ-ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਇਸ ਵਾਰ ਕੁੱਲ 16 ਉਮੀਦਵਾਰਾਂ ਨੇ ਪੀ ਯੂ ਵਿਦਿਆਰਥੀ ਕੌਂਸਲ ਚੋਣਾਂ ਲੜੀਆਂ। ਇਨ੍ਹਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ 4, ਮੀਤ ਪ੍ਰਧਾਨ ਦੇ ਅਹੁਦੇ ਲਈ 5, ਸਕੱਤਰ ਦੇ ਅਹੁਦੇ ਲਈ 3 ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ 4 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਚੋਣਾਂ ਵਿੱਚ 16 ਹਜ਼ਾਰ ਤੋਂ ਵੱਧ ਵਿਦਿਆਰਥੀ ਵੋਟਰਾਂ ਨੇ ਬੈਲੇਟ ਪੇਪਰਾਂ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕੀਤਾ। ਅਥਾਰਿਟੀ ਵੱਲੋਂ ਇਸ ਵਾਰ 191 ਵੋਟਿੰਗ ਬੂਥ ਬਣਾਏ ਗਏ ਸਨ। ਚੰਡੀਗੜ੍ਹ ਪੁਲੀਸ ਦੇ ਤਿੰਨ ਡੀ ਐੱਸ ਪੀ ਅਤੇ 500 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਜੇਤੂ ਉਮੀਦਵਾਰ ਅੰਕਿਤ ਨੂੰ 3149 ਵੋਟਾਂ ਪਈਆਂ
ਪੀ ਯੂ ਵਿਦਿਆਰਥੀ ਕੌਂਸਲ ਚੋਣਾਂ ’ਚ ਪ੍ਰਧਾਨਗੀ ਦੇ ਉਮੀਦਵਾਰਾਂ ਵਿੱਚੋਂ ਜੇਤੂ ਉਮੀਦਵਾਰ ਅੰਕਿਤ ਨੂੰ 3149 ਵੋਟਾਂ, ਏ ਐੱਸ ਏ ਪੀ ਦੇ ਉਮੀਦਵਾਰ ਆਦਿਲ ਬਰਾੜ ਨੂੰ 2637, ਸੱਥ ਦੇ ਉਮੀਦਵਾਰ ਦਰਸ਼ਪ੍ਰੀਤ ਸਿੰਘ ਨੂੰ 1387, ਐੱਨ ਐੱਸ ਯੂ ਆਈ ਦੇ ਗੁਰਮਨ ਸਿੰਘ ਸਿੱਧੂ ਨੂੰ 2263 ਵੋਟਾਂ ਪਈਆਂ। ਇਸ ਤੋਂ ਇਲਾਵਾ 174 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਵਾਈਸ ਪ੍ਰਧਾਨ ਦੇ ਅਹੁਦੇ ਲਈ ਅਰਮਾਨ ਸਿੰਘ ਭਿੰਡਰ ਨੇ 3322 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਅਕਾਂਕਸ਼ਾ ਠਾਕੁਰ ਨੂੰ 2818, ਅਰਮਾਨ ਸਿੰਘ ਨੂੰ 652, ਮਨਮੀਤ ਕੌਰ ਨੂੰ 1053, ਵਿਪੁਲ ਭਾਦੂ ਨੂੰ 1284 ਵੋਟਾਂ ਪਈਆਂ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਉੱਤੇ ਧਿਆਨ ਸਿੰਘ ਸਮੀਰ ਨੇ 4045 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ। ਇਸ ਅਹੁਦੇ ਲਈ ਆਰੀਅਨ ਸਹਾਰਨ ਨੂੰ 3678, ਮੁਸਕਾਨ ਚੌਹਾਨ ਨੂੰ 1286 ਵੋਟਾਂ ਪਈਆਂ। 581 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦੇ ਅਹੁਦੇ ਉੱਤੇ ਵਿਸ਼ਾਲ ਬਾਮਲ ਨੇ 3506 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ। ਇਸ ਅਹੁਦੇ ਲਈ ਆਮੀਨ ਕੌਰ ਨੇ 1141 ਵੋਟਾਂ, ਰਾਮਚੰਦਰ ਸਿੰਘ ਨੇ 1650 ਵੋਟਾਂ, ਦੇਵਰਾਜ ਸਿੰਘ ਨੈਣ ਨੇ 2338 ਵੋਟਾਂ ਹਾਸਲ ਕੀਤੀਆਂ। 938 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।

