PU student council elections: ਡੀ ਏ ਵੀ ਕਾਲਜ ਵਿੱਚ ਗਿਣਤੀ ਮੌਕੇ ਹੰਗਾਮਾ
ਵੋਟਾਂ ਦੀ ਗਿਣਤੀ ਮੁੜ ਕਰਵਾਈ; ਯੂ ਟੀ ਦੇ ਕਾਲਜਾਂ ’ਚ ਵੱਖੋ-ਵੱਖ ਪਾਰਟੀਆਂ ਦੇ ਪ੍ਰਧਾਨ ਬਣੇ
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਦੌਰਾਨ ਕਈ ਥਾਈਂ ਰੌਲਾ ਪਿਆ ਅਤੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਡੀ ਏ ਵੀ ਕਾਲਜ ਸੈਕਟਰ 10 ਵਿੱਚ ਵੋਟਾਂ ਦੀ ਗਿਣਤੀ ਤੋਂ ਹੰਗਾਮਾ ਹੋਇਆ। ਪਹਿਲਾਂ ਜਿਸ ਉਮੀਦਵਾਰ ਦੇ ਜਿੱਤ ਦੇ ਕਿਆਸ ਲਾਏ ਜਾ ਰਹੇ ਸਨ, ਉਹ ਹਾਰ ਗਿਆ। ਇਸ ਤੋਂ ਬਾਅਦ ਇਸ ਪਾਰਟੀ ਦੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰਦਿਆਂ ਵੋਟਾਂ ਦੀ ਗਿਣਤੀ ਮੁੜ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਕਈ ਥਾਈਂ ਧੱਕਾ-ਮੁੱਕੀ ਵੀ ਹੋਈ। ਦੂਜੇ ਪਾਸੇ, ਪੁਲੀਸ ਨੇ ਕਈ ਕਾਲਜਾਂ ਦੇ ਬਾਹਰ ਡਾਗਾਂ ਵੀ ਵਰ੍ਹਾਈਆਂ।
ਜਾਣਕਾਰੀ ਅਨੁਸਾਰ ਡੀ ਏ ਵੀ ਕਾਲਜ ਵਿੱਚ ਪ੍ਰਧਾਨਗੀ ਲਈ ਮੁੱਖ ਮੁਕਾਬਲਾ ਐੱਚ ਐੱਸ ਏ ਦੇ ਦੀਪਾਂਸ਼ੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ ਓ ਆਈ ਦੇ ਹਰਸ਼ ਦਰਮਿਆਨ ਸੀ। ਇਸ ਦੌਰਾਨ ਜਦੋਂ ਆਖ਼ਰੀ ਰਾਊਂਡ ਚੱਲ ਰਿਹਾ ਸੀ ਤਾਂ ਇਹ ਸੁਨੇਹਾ ਆਇਆ ਕਿ ਹਰਸ਼ ਜਿੱਤ ਰਿਹਾ ਹੈ ਪਰ ਜਦੋਂ ਨਤੀਜਾ ਐਲਾਨਿਆ ਗਿਆ ਤਾਂ ਦੀਪਾਸ਼ੂ ਨੂੰ 60 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ। ਇਸ ਤੋਂ ਬਾਅਦ ਖਾਸੀ ਗਰਮਾ-ਗਰਮੀ ਹੋਈ ਅਤੇ ਵੋਟਾਂ ਦੀ ਗਿਣਤੀ ਮੁੜ ਕਰਵਾਈ ਗਈ। ਇਸ ਗਿਣਤੀ ਵਿੱਚ ਐੱਸ ਓ ਆਈ ਦੇ ਉਮੀਦਵਾਰ ਦੀਆਂ ਪੰਜ ਤੋਂ ਛੇ ਵੋਟਾਂ ਤਾਂ ਵਧ ਗਈਆਂ ਪਰ ਜੇਤੂ ਦੀਪਾਸ਼ੂ ਹੀ ਰਿਹਾ। ਇਸ ਕਾਲਜ ਵਿੱਚ ਮੀਤ ਪ੍ਰਧਾਨ ਅਭੈ ਸੰਧੂ, ਸਕੱਤਰ ਸ਼ਸ਼ਾਵਤ ਠਾਕੁਰ ਤੇ ਜੁਆਇੰਟ ਸਕੱਤਰ ਅਨਮੋਲ ਬਣੇ।
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਵਿੱਚ ਚੋਣ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਕਾਲਜ ਸਟੂਡੈਂਟ ਫਰੰਟ (ਸੀ ਐੱਸ ਐੱਫ) ਦੇ ਨਵਜੋਤ ਸਿੰਘ ਨੂੰ ਪ੍ਰਧਾਨ, ਸੀ ਐੱਸ ਐੱਫ ਦੇ ਅਰਸ਼ਪ੍ਰੀਤ ਸਿੰਘ ਨੂੰ ਉਪ ਪ੍ਰਧਾਨ, ਸੀ ਐੱਸ ਐੱਫ ਦੇ ਦਕਸ਼ ਸ਼ਰਮਾ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਇਸ ਤੋਂ ਇਲਾਵਾ ਸਰਕਾਰੀ ਕਾਲਜ ਸੈਕਟਰ 46 ਵਿੱਚ ਸਿਰਫ਼ ਸਕੱਤਰ ਦੇ ਅਹੁਦੇ ਲਈ ਵੋਟਾਂ ਪਈਆਂ ਜਿਸ ਵਿੱਚ ਕਰਨਪ੍ਰੀਤ ਸਿੰਘ ਨੇ ਜਿੱਤ ਦਰਜ ਕੀਤੀ।
ਜੀ ਜੀ ਡੀ ਐੱਸ ਡੀ ਕਾਲਜ ਸੈਕਟਰ 32 ਵਿੱਚ ਪ੍ਰਧਾਨਗੀ ਦੀ ਚੋਣ ਅਭਿਰਾਜ ਸਿੰਘ ਨੇ ਜਿੱਤ ਲਈ ਹੈ। ਇਸ ਕਾਲਜ ਵਿੱਚ ਐੱਸ ਡੀ ਕਾਲਜ ਸਟੂਡੈਂਟਸ ਯੂਨੀਅਨ, ਐੱਨ ਐੱਸ ਯੂ ਆਈ ਅਤੇ ਹਿਮਸੂ ਦਾ ਗੱਠਜੋੜ ਸੀ। ਇਸ ਗੱਠਜੋੜ ਸਦਕਾ ਹੀ ਅਭਿਰਾਜ ਪ੍ਰਧਾਨ ਬਣਿਆ। ਅਭਿਰਾਜ ਨੂੰ 2189 ਵੋਟਾਂ ਪਈਆਂ ਅਤੇ ਉਨ੍ਹਾਂ ਆਪਣੇ ਵਿਰੋਧੀ ਨੂੰ 457 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਜੁਆਇੰਟ ਸਕੱਤਰ ਦੇ ਉਮੀਦਵਾਰ ਨੂੰ ਅਗਵਾ ਕਰਨ ਦੀ ਵੀਡੀਓ ਵਾਇਰਲ
ਪੋਸਟ-ਗਰੈਜੂਏਟ ਸਰਕਾਰੀ ਕਾਲਜ ਸੈਕਟਰ 11 ਵਿੱਚ ਬੀਤੀ ਦੇਰ ਰਾਤ ਹੰਗਾਮਾ ਹੋਇਆ। ਇਸ ਕਾਲਜ ਵਿੱਚ ਜੁਆਇੰਟ ਸਕੱਤਰ ਲਈ ਜੋਬਨ ਮਿੱਤਲ ਤੇ ਕਰਨਪ੍ਰਤਾਪ ਸਿੰਘ ਦਰਮਿਆਨ ਮੁਕਾਬਲਾ ਸੀ। ਇਸ ਦੌਰਾਨ ਇਹ ਕਿਹਾ ਗਿਆ ਕਿ ਜੋਬਨ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਸਬੰਧੀ ਇਕ ਪਾਰਟੀ ਨੇ ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕੀਤੀ ਤੇ ਕਿਹਾ ਕਿ ਭਾਵੇਂ ਜੋਬਨ ਨੂੰ ਅਗਵਾ ਕਰ ਲਿਆ ਗਿਆ ਹੈ ਪਰ ਉਸ ਨੂੰ ਜਿਤਾ ਕੇ ਵਿਰੋਧੀਆਂ ਨੂੰ ਜਵਾਬ ਦਿੱਤਾ ਜਾਵੇ ਪਰ ਅੱਜ ਚੋਣ ਨਤੀਜੇ ਵਿੱਚ ਜੋਬਨ ਹਾਰ ਗਿਆ। ਇਸ ਕਾਲਜ ਵਿੱਚ ਪ੍ਰਧਾਨ ਪਰਦੀਪ ਪੋਸਵਾਲ ਬਣਿਆ ਜਦੋਂਕਿ ਮੀਤ ਪ੍ਰਧਾਨ ਹਰਸਿਮਰਨ ਕੌਰ, ਸਕੱਤਰ ਅਦਿਤੀਕਾ ਕੈਂਥ ਚੁਣੇ ਗਏ।
ਐੱਸ ਡੀ ਕਾਲਜ ਦੀ ਮਾਰਕੀਟ ਨੇੜੇ ਪੁਲੀਸ ਨੇ ਵਿਦਿਆਰਥੀ ਭਜਾਏ
ਚੰਡੀਗੜ੍ਹ ਦੇ ਡੀ ਏ ਵੀ ਕਾਲਜ ਅਤੇ ਐੱਸ ਡੀ ਕਾਲਜ ਹਰ ਵਿਦਿਆਰਥੀ ਚੋਣ ਵੇਲੇ ਲੜਾਈ ਦਾ ਗੜ੍ਹ ਰਹਿੰਦੇ ਹਨ। ਐੱਸ ਡੀ ਕਾਲਜ ਸੈਕਟਰ 32 ਵਿੱਚ ਅੱਜ ਦੁਪਹਿਰੇ ਇੱਕ ਵਿਦਿਆਰਥੀ ਯੂਨੀਅਨ ਦੇ ਆਗੂ ਅਤੇ ਵਿਦਿਆਰਥੀ ਕਈ ਗੱਡੀਆਂ ਵਿੱਚ ਕਾਲਜ ਵੱਲ ਵਧੇ ਪਰ ਪੁਲੀਸ ਨੇ ਕਾਲਜ ਤੋਂ ਕੁਝ ਦੂਰ ਬੈਰੀਕੇਡਿੰਗ ਕੀਤੀ ਹੋਈ ਸੀ। ਇਨ੍ਹਾਂ ਵਿਦਿਆਰਥੀਆਂ ਦੀ ਪੁਲੀਸ ਨਾਲ ਬਹਿਸ ਹੋਈ ਪਰ ਪੁਲੀਸ ਨੇ ਸਖ਼ਤੀ ਕਰ ਕੇ ਇਨ੍ਹਾਂ ਵਿਦਿਆਰਥੀਆਂ ਨੂੰ ਉੱਥੋਂ ਭਜਾ ਦਿੱਤਾ।
ਸੜਕ ਖਾਲੀ ਕਰਵਾਈ; ਟਰੈਫਿਕ ਨਿਯਮਾਂ ਦਾ ਉਲੰਘਣ
ਡੀ ਏ ਵੀ ਕਾਲਜ ਵਿੱਚ ਦੁਪਹਿਰ 12 ਵਜੇ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਗਏ ਤੇ ਕਈ ਵਿਦਿਆਰਥੀਆਂ ਨੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਵਿਦਿਆਰਥੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਵਿਦਿਆਰਥੀ ਨਾ ਮੰਨੇ ਜਿਸ ਤੋਂ ਬਾਅਦ ਪੁਲੀਸ ਨੇ ਵਿਦਿਆਰਥੀਆਂ ਨੂੰ ਧੱਕੇ ਮਾਰ ਕੇ ਕਾਲਜ ਦੇ ਗੇਟ ਅੱਗਿਓਂ ਹਟਾਇਆ ਅਤੇ ਵਿਦਿਆਰਥੀਆਂ ਨੂੰ ਬੈਰੀਕੇਡਿੰਗ ਤੋਂ ਬਾਹਰ ਜਾਣ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਪੁਲੀਸ ਨੇ ਡੀ ਏ ਵੀ ਕਾਲਜ ਦੇ ਗੇਟ ਸਾਹਮਣੇ ਜਾਂਦੀ ਸੜਕ ਨੂੰ ਖਾਲੀ ਕਰਵਾ ਲਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਚੋਣ ਕੇਂਦਰਾਂ ਦੇ ਨੇੜੇ ਸੜਕਾਂ ’ਤੇ ਟਰੈਫਿਕ ਨਿਯਮਾਂ ਨੂੰ ਤੋੜਿਆ।

