DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PU senate elections: ਸਮਾਣਾ ਬੂਥ ’ਤੇ ਵੋਟਾਂ ਵਿੱਚ 900 ਫੀਸਦ ਦੇ ਵਾਧੇ ਨੂੰ ਲੈ ਕੇ PSU ਨੇ ਲਾਏ ਗੰਭੀਰ ਦੋਸ਼; ਪਿੰਡਾਂ ਵਿੱਚ ਜਾਂਚ ਦੌਰਾਨ ਨਹੀਂ ਮਿਲੇ ਵੋਟਰ

ਸਮਾਣਾ ਵਿੱਚ ਬਣਾਈਆਂ ਗਈਆਂ 1,692 ਨਵੀਆਂ ਵੋਟਾਂ; ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੱਕ ਪਾਸੇ ਜਿੱਥੇ ਆਮ ਨਾਗਰਿਕ ਵਿਸ਼ੇਸ਼ ਸੁਧਾਈ (SIR) 2026 ਦੌਰਾਨ ਆਪਣੀਆਂ ਵੋਟਾਂ ਕੱਟੇ ਜਾਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ (PU) ਦੀਆਂ ਸੈਨੇਟ ਚੋਣਾਂ ਤੋਂ ਠੀਕ ਪਹਿਲਾਂ ਵੋਟਾਂ ਦੀ ਗਿਣਤੀ ਵਿੱਚ 10 ਗੁਣਾ ਜਾਂ 900 ਫੀਸਦੀ ਤੋਂ ਵੱਧ ਦੇ ਅਚਾਨਕ ਹੋਏ ਵਾਧੇ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਸਟੂਡੈਂਟਸ ਯੂਨੀਅਨ (PSU) ਨੇ ਇਸ ਨੂੰ ਵੱਡੀ ਗੜਬੜੀ ਅਤੇ ਵੋਟ ਧਾਂਦਲੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।

ਪੀਐਸਯੂ (PSU) ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਅਤੇ ਸੈਨੇਟ ਉਮੀਦਵਾਰ ਡਾ. ਅਮਨਦੀਪ ਸਿੰਘ ਖੀਓਵਾਲੀ ਨੇ ਖੁਲਾਸਾ ਕੀਤਾ ਕਿ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਬੂਥ ’ਤੇ ਲਗਭਗ 1,692 ਨਵੀਆਂ ਵੋਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਸਮਾਣਾ ਸ਼ਹਿਰ ਦਾ ਕੋਈ ਵੀ ਵਿਦਿਅਕ ਅਦਾਰਾ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਿਡ (ਸਬੰਧਤ) ਨਹੀਂ ਹੈ, ਫਿਰ ਵੀ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਵੋਟਾਂ ਦਾ ਦਰਜ ਹੋਣਾ ਸ਼ੱਕ ਦੇ ਘੇਰੇ ਵਿੱਚ ਹੈ। ਸਾਲ 2020 ਵਿੱਚ ਇਸ ਬੂਥ ’ਤੇ ਸਿਰਫ਼ 168 ਵੋਟਾਂ ਸਨ, ਪਰ 2026 ਤੱਕ ਆਉਂਦੇ-ਆਉਂਦੇ ਇਹ ਗਿਣਤੀ ਵਧ ਗਈ। ਪੰਜਾਬ ਦੇ ਕਿਸੇ ਵੀ ਹੋਰ ਬੂਥ ’ਤੇ ਵੋਟਾਂ ਦਾ ਅਜਿਹਾ ਵਾਧਾ ਦੇਖਣ ਨੂੰ ਨਹੀਂ ਮਿਲਿਆ।

Advertisement

ਰੰਧਾਵਾ ਨੇ ਦੱਸਿਆ ਕਿ PSU ਦੀ ਟੀਮ ਨੇ ਮਤੌਲੀ, ਘੱਗਾ, ਦੁੱਲਟ, ਬੂੜਾਰ ਅਤੇ ਹੋਰ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਵੋਟਰਾਂ ਦੀਆਂ ਸ਼ਨਾਖਤਾਂ ਅਤੇ ਪਤਿਆਂ ਦੀ ਜ਼ਮੀਨੀ ਪੱਧਰ ’ਤੇ ਪੜਤਾਲ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਸਨ, ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਉਨ੍ਹਾਂ ਪਿੰਡਾਂ ਦਾ ਰਹਿਣ ਵਾਲਾ ਨਹੀਂ ਨਿਕਲਿਆ। ਵਿਦਿਆਰਥੀ ਆਗੂਆਂ ਨੇ ਦੋਸ਼ ਲਾਇਆ ਕਿ ਇਹ ਸਭ ਇੱਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ ਅਤੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

Advertisement

ਡਾ. ਅਮਨਦੀਪ ਸਿੰਘ ਖੀਓਵਾਲੀ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ-ਆਰ.ਐਸ.ਐਸ. (BJP-RSS) ਸਮਰਥਿਤ ਸੈਨੇਟ ਉਮੀਦਵਾਰ ਜਾਲ੍ਹੀ ਵੋਟਾਂ ਬਣਾ ਕੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੇ ਪ੍ਰਭਾਵ ਤੋਂ ਦੂਰ ਕਰਕੇ ਕੇਂਦਰੀ ਯੂਨੀਵਰਸਿਟੀ (Central University) ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਮਕਸਦ ਆਪਣੇ ਪ੍ਰੋ-ਆਰਐਸਐਸ ਉਮੀਦਵਾਰਾਂ ਨੂੰ ਜਿਤਾ ਕੇ ਸੈਨੇਟ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਨਾ ਹੈ। ਦੱਸਣਯੋਗ ਹੈ ਕਿ ਸੈਨੇਟ ਮੈਂਬਰ ਪਹਿਲਾਂ ਵੀ ਕੇਂਦਰ ਸਰਕਾਰ ’ਤੇ ਵਰਸਿਟੀ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ। ਹਾਲ ਹੀ ਵਿੱਚ ਭਾਜਪਾ-ਆਰਐਸਐਸ ਸਮਰਥਿਤ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. (ABVP) ਨੇ ਲਗਾਤਾਰ ਦੂਜੀ ਵਾਰ ਯੂਨੀਵਰਸਿਟੀ ਚੋਣਾਂ ਜਿੱਤ ਕੇ ਆਪਣੀ ਪਕੜ ਮਜ਼ਬੂਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਪਿਛਲੀ 91 ਮੈਂਬਰੀ ਸੈਨੇਟ ਦੀ ਚਾਰ ਸਾਲਾ ਮਿਆਦ 31 ਅਕਤੂਬਰ 2024 ਨੂੰ ਖਤਮ ਹੋ ਗਈ ਸੀ। ਲੰਬੇ ਸਮੇਂ ਦੇ ਵਕਫੇ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਆਪਣੀ ਸੈਨੇਟ ਦੀ ਚੋਣ ਪ੍ਰਕਿਰਿਆ 7 ਸਤੰਬਰ 2026 ਤੋਂ ਮੁੜ ਸ਼ੁਰੂ ਕੀਤੀ ਹੈ। ਤਕਨੀਕੀ ਅਤੇ ਪੇਸ਼ੇਵਰ ਕਾਲਜਾਂ ਦੀਆਂ ਛੇ ਸੀਟਾਂ ਲਈ ਵੋਟਿੰਗ ਨਾਲ ਸ਼ੁਰੂ ਹੋਈ ਇਹ ਪ੍ਰਕਿਰਿਆ 4 ਅਕਤੂਬਰ ਤੱਕ ਵੱਖ-ਵੱਖ ਗੇੜਾਂ ਵਿੱਚ ਚੱਲੇਗੀ, ਜਿਸ ਵਿੱਚ ਪ੍ਰਿੰਸੀਪਲ, ਅਧਿਆਪਕ, ਫੈਕਲਟੀ ਅਤੇ ਰਜਿਸਟਰਡ ਗ੍ਰੈਜੂਏਟ ਹਿੱਸਾ ਲੈ ਰਹੇ ਹਨ।

ਦੂਜੇ ਪਾਸੇ, ਇਨ੍ਹਾਂ ਗੰਭੀਰ ਦੋਸ਼ਾਂ ਅਤੇ ਮਾਮਲੇ ਸਬੰਧੀ ਪੱਖ ਜਾਣਨ ਲਈ ਜਦੋਂ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ।

Advertisement
×