ਪੀਯੂ: ਵਿਦਿਆਰਥੀ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ

ਇਕਨਾਮਿਕਸ ਵਿਭਾਗ ਵਿੱਚ ਪੀਐੱਚ.ਡੀ ਦਾਖਲਾ ਸੀਟ ਅਲਾਟਮੈਂਟ ਵਿੱਚ ਧਾਂਦਲੀ ਦਾ ਦੋਸ਼

ਪੀਯੂ: ਵਿਦਿਆਰਥੀ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ

ਕੁਲਦੀਪ ਸਿੰਘ
ਚੰਡੀਗੜ੍ਹ, 27 ਜਨਵਰੀ

ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਪੰਜਾਬ ਯੂਨੀਵਰਸਿਟੀ ਦੇ ਇਕਨਾਮਿਕਸ ਵਿਭਾਗ ਵਿੱਚ ਪੀਐੱਚ.ਡੀ ਦਾਖਲਾ ਸੀਟ ਅਲਾਟਮੈਂਟ ਵਿੱਚ ਕਥਿਤ ਧਾਂਦਲੀ ਦੇ ਦੋਸ਼ ਲਗਾਉਂਦਿਆਂ ਅੱਜ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਪ੍ਰਧਾਨ ਪਾਰਸ ਰਤਨ ਨੇ ਕਿਹਾ ਕਿ ਇਸ ਵਿਭਾਗ ਵਿੱਚ ਪੀ.ਐੱਚ.ਡੀ. ਦਾਖਲਿਆਂ ਲਈ ਕੁੱਲ 36 ਵਿਦਿਆਰਥੀਆਂ ਨੇ ਇੰਟਰਵਿਊ ਦਿੱਤੀ ਸੀ ਜਿਨ੍ਹਾਂ ਵਿੱਚੋਂ 2 ਵਿਦਿਆਰਥੀਆਂ ਨੂੰ ਪੀਐੱਚਡੀ ਦੀ ਸੀਟ ਅਲਾਟ ਕਰ ਦਿੱਤੀ ਗਈ ਜਦਕਿ ਕੱਚੀ ਮੈਰਿਟ ਲਿਸਟ ਵਿੱਚ ਇਹੀ ਦੋਵੇਂ ਵਿਦਿਆਰਥੀ 17ਵੇਂ ਅਤੇ 32ਵੇਂ ਨੰਬਰ ’ਤੇ ਸਨ। ਅਜਿਹਾ ਕਰਕੇ ਵਿਭਾਗ ਵਿੱਚ ਸੀਟ ਅਲਾਟਮੈਂਟ ਵਿੱਚ ਕਥਿਤ ਘਪਲੇਬਾਜ਼ੀ ਹੋਈ ਹੈ।

ਉਨ੍ਹਾਂ ਕਿਹਾ ਕਿ ਪੋਸਟ ਗਰੈਜੂਏਸ਼ਨ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਅਤੇ ਨੈੱਟ ਕਲੀਅਰ ਕਰਨ ਦੇ ਬਾਅਦ ਵੀ ਪੀ.ਐੱਚ.ਡੀ. ਵਿੱਚ ਦਾਖਲਾ ਨਹੀਂ ਮਿਲ ਰਿਹਾ ਹੈ। ਨਵੀਂ ਸਿੱਖਿਆ ਨੀਤੀ ਤਹਿਤ ਐਮ.ਫ਼ਿਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਵਿਦਿਆਰਥੀਆਂ ਕੋਲ ਪੀਐੱਚਡੀ ਕਰਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ ਪਰ ਦਾਖਲਿਆਂ ਵਿੱਚ ਅਜਿਹੀਆਂ ਕਥਿਤ ਘਪਲੇਬਾਜ਼ੀਆਂ ਕਰਕੇ ਵਿਦਿਆਰਥੀਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਵਿਦਿਆਰਥੀ ਹਿੱਤਾਂ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।

ਸੈਨੇਟ ਚੋਣਾਂ ਸਬੰਧੀ ਕੇਸ ਦੀ ਸੁਣਵਾਈ ਮੁਲਤਵੀ

ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਸਬੰਧੀ ਫ਼ੈਸਲਾ ਕੁਝ ਦਿਨਾਂ ਲਈ ਹੋਰ ਲਟਕ ਗਿਆ ਹੈ। ਚੋਣਾਂ ਸਬੰਧੀ ਹਾਈ ਕੋਰਟ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਅੱਜ ਹੋਣੀ ਸੀ ਅਤੇ ਕੋਈ ਫ਼ੈਸਲਾ ਆਉਣ ਦੀ ਸੰਭਾਵਨਾ ਸੀ। ਅਦਾਲਤ ਨੇ ਇਸ ਕੇਸ ਦੀ ਸੁਣਵਾਈ 11 ਫ਼ਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All