ਪੀਯੂ: ਏਬੀਵੀਪੀ ਵੱਲੋਂ ਹੰਗਾਮਾ

ਪੀਯੂ: ਏਬੀਵੀਪੀ ਵੱਲੋਂ ਹੰਗਾਮਾ

ਪੰਜਾਬ ਯੂਨੀਵਰਸਿਟੀ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਏਬੀਵੀਪੀ ਕਾਰਕੁਨ। -ਫੋਟੋ: ਮਨੋਜ ਮਹਾਜਨ

ਕੁਲਦੀਪ ਸਿੰਘ
ਚੰਡੀਗੜ੍ਹ, 27 ਅਕਤੂਬਰ
ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਪੰਜਾਬ ਯੂਨੀਵਰਸਿਟੀ ਵਿਚ ਪੀਜੀ-ਸੀਈਟੀ ਦਾਖਲਾ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਪ੍ਰਸ਼ਾਸਕੀ ਬਲਾਕ ਦੇ ਬਾਹਰ ਧਰਨਾ ਦਿੱਤਾ ਤੇ ਪੀਯੂ ਕੰਪਲੈਕਸ ਵਿੱਚ ਹੰਗਾਮਾ ਕੀਤਾ। ਇਸ ਤੋਂ ਪਹਿਲਾਂ ਵਿਦਿਆਰਥੀ ਪੀਯੂ ਦੇ ਊਪ-ਕੁਲਪਤੀ ਤੇ ਕੰਟਰੋਲਰ ਨੂੰ ਮਿਲਣ ਲਈ ਊਨ੍ਹਾਂ ਦੇ ਦਫਤਰਾਂ ਵੱਲ ਗਏ ਪਰ ਊਹ ਨਹੀਂ ਮਿਲੇ। ਇਸ ਮਗਰੋਂ ਇਕੱਤਰ ਹੋਏ ਵਿਦਿਆਰਥੀਆਂ ਨੇ ਪੀਯੂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਪੀਯੂ ਦਾ ਸੁਰੱਖਿਆ ਸਟਾਫ ਵੀ ਹਰਕਤ ਵਿੱਚ ਆ ਗਿਆ ਤੇ ਵਿਦਿਆਰਥੀਆਂ ਨੂੰ ਐਡਮਿਨਿਸਟਰੇਟਿਵ ਕੰਪਲੈਕਸ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਹਰੀਸ਼ ਗੁੱਜਰ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦਾਖਲਾ ਪ੍ਰੀਖਿਆ ਨਾ ਲੈ ਕੇ ਆਪਣੀ ਅਸਫ਼ਲਤਾ ਦਾ ਪ੍ਰਦਰਸ਼ਨ ਕਰ ਰਹੀ ਹੈ। ਊਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਿਛਲੇ ਨਤੀਜੇ ਐਲਾਨੇ ਬਗੈਰ ਫਾਰਮ ਭਰਨ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਨਤੀਜੇ ਐਲਾਨੇ ਬਗੈਰ ਅਗਲੇ ਫਾਰਮ ਭਰਨਾ ਸੰਭਵ ਨਹੀਂ ਹੈ।

ਇਸ ਮੌਕੇ ਏਬੀਵੀਪੀ ਦੀ ਯੂਨਿਟ ਮੰਤਰੀ ਪ੍ਰਿਆ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਨੇ ਕਰੋਨਾ ਦੌਰ ਵਿੱਚ ਪ੍ਰੀਖਿਆਵਾਂ ਨਹੀਂ ਲਈਆਂ ਸਨ ਤੇ ਊਸ ਸਮੇਂ ਲਈਆਂ ਫੀਸਾਂ ਦੇ ਵੇਰਵੇ ਵੀ ਨਹੀਂ ਦਿੱਤੇ ਹਨ ਤੇ ਇਸ ਵਾਰ ਵਿਦਿਆਰਥੀਆਂ ਕੋਲੋਂ ਦੁਬਾਰਾ ਫੀਸਾਂ ਮੰਗੀਆਂ ਜਾ ਰਹੀਆਂ ਹਨ। ਊਨ੍ਹਾਂ ਕਿਹਾ ਕਿ ਯੂਨਿਟ ਕਨਵੀਨਰ ਜਤਿਨ ਸਿੰਘ ਨੇ ਦੱਸਿਆ ਕਿ ਅੱਜ ਦੇ ਪ੍ਰਦਰਸ਼ਨ ਦੌਰਾਨ ਪੀਯੂ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ 28 ਅਕਤੂਬਰ ਨੂੰ ਇਨ੍ਹਾਂ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਵਿਚਾਰਿਆ ਜਾਵੇਗਾ।

ਰੋਸ ਪ੍ਰਦਰਸ਼ਨ ਵਿੱਚ ਅਜੈ ਸੂਦ ਮਹਾਂਨਗਰ ਮੰਤਰੀ, ਏਬੀਵੀਪੀ ਇਕਾਈ ਦੇ ਸਹਿ-ਕਨਵੀਨਰ ਪਾਰਸ ਰਤਨ, ਰਿਸ਼ਿਕਾ ਰਾਜ, ਪੂਨਮ, ਪ੍ਰਭ ਗਰੇਵਾਲ, ਨਿਹਾਰਿਕਾ, ਰੀਆ ਤੇ ਮਾਨਸੀ ਆਦਿ ਮੌਜੂਦ ਸਨ।

ਸੀਟੀਯੂ ਮੁਲਾਜ਼ਮਾਂ ਵੱਲੋਂ ਕਾਲੇ ਚੋਗੇ ਪਹਿਨ ਕੇ ਪ੍ਰਦਰਸ਼ਨ

ਸੀਟੀਯੂ ਵਰਕਰਜ਼ ਯੂਨੀਅਨ, ਸੀ.ਟੀ.ਯੂ. ਕੰਡਕਟਰਜ਼ ਯੂਨੀਅਨ, ਸੀ.ਟੀ.ਯੂ. ਇੰਪਲਾਈਜ਼ ਯੂਨੀਅਨ ਅਤੇ ਸੀਟੀਯੂ ਐੱਸਸੀ/ਬੀਸੀ ਵੈੱਲਫ਼ੇਅਰ ਐਸੋਸੀਏਸ਼ਨ ਨੇ ਡਿੱਪੂ ਨੰਬਰ-2 ਦੀ ਵਰਕਸ਼ਾਪ ਨੂੰ ਠੇਕੇ ’ਤੇ ਦੇਣ ਦੇ ਫੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇੰਡਸਟਰੀਅਲ ਏਰੀਆ ਫੇਜ਼-1 ਵਿਚ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਕਾਲੇ ਚੋਗੇ ਪਹਿਨ ਕੇ ਅਤੇ ਕਾਲੇ ਝੰਡਿਆਂ ਨਾਲ ਰੋਸ ਦਾ ਇਜ਼ਹਾਰ ਕੀਤਾ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਵਰਕਸ਼ਾਪ ਨੂੰ ਠੇਕੇ ’ਤੇ ਦੇਣ ’ਤੇ ਰੋਕ ਲਗਾਈ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਰਮਿੰਦਰ ਸਿੰਘ ਰਾਹੀ, ਰਣਜੀਤ ਸਿੰਘ ਹੰਸ, ਸਤਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ ਤੇ ਕਰਮਜੀਤ ਸਿੰਘ ਨੇ ਕਿਹਾ ਕਿ ਸੀ.ਟੀ.ਯੂ. ਮੈਨੇਜਮੈਂਟ ਦੇ ਕਥਿਤ ਗਲਤ ਫੈਸਲਿਆਂ ਖ਼ਿਲਾਫ਼ ਮੁਲਾਜ਼ਮਾਂ ਨੂੰ ਮਜ਼ਬੂਰਨ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਹਫ਼ਤਾਵਾਰੀ ਛੁੱਟੀ ਲਾਉਣੀ ਬੰਦ ਕੀਤੀ ਜਾਵੇ, ਸੇਵਾ-ਮੁਕਤ ਮੁਲਾਜ਼ਮਾਂ ਨੂੰ ਸਮੇਂ ਸਿਰ ਪੈਨਸ਼ਨ ਦੇ ਲਾਭ ਦਿੱਤੇ ਜਾਣ, ਤਿੰਨ ਸਾਲਾਂ ਤੋਂ ਵਰਦੀ ਦੇ ਰੁਕੇ ਹੋਏ ਪੈਸੇ ਦਾ ਭੁਗਤਾਨ ਕੀਤਾ ਜਾਵੇ, ਸਾਲ 2017 ਵਿੱਚ ਭਰਤੀ ਹੋਏ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬੱਸਾਂ ਵਿੱਚ 50 ਪ੍ਰਤੀਸ਼ਤ ਸਵਾਰੀ ਚੁੱਕਣ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਦੂਸਰੇ ਸੂਬਿਆਂ ਵਿੱਚ ਰਾਤ ਰੁਕਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All