ਪੀਯੂ: ਤਰੱਕੀਆਂ ਲਈ ਅਧਿਆਪਕਾਂ ਵੱਲੋਂ ਸੰਗੀਤਮਈ ਪ੍ਰਦਰਸ਼ਨ

ਪੀਯੂ: ਤਰੱਕੀਆਂ ਲਈ ਅਧਿਆਪਕਾਂ ਵੱਲੋਂ ਸੰਗੀਤਮਈ ਪ੍ਰਦਰਸ਼ਨ

ਉਪ-ਕੁਲਪਤੀ ਦੀ ਰਿਹਾਇਸ਼ ਅੱਗੇ ਗੀਤ ਗਾਉਂਦੇ ਹੋਏ ਅਧਿਆਪਕ। -ਫੋਟੋ: ਪ੍ਰਦੀਪ ਤਿਵਾੜੀ

ਕੁਲਦੀਪ ਸਿੰਘ

ਚੰਡੀਗੜ੍ਹ, 29 ਨਵੰਬਰ

ਪੰਜਾਬ ਯੂਨੀਵਰਸਿਟੀ ਵਿੱਚ ਕਰੀਅਰ ਐਡਵਾਂਸਮੈਂਟ ਸਕੀਮ (ਕੈਸ) ਤਹਿਤ ਪ੍ਰਮੋਸ਼ਨਾਂ ਲਈ ਅਧਿਆਪਕਾਂ ਦੀ ਇੰਟਰਵਿਊਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਦ੍ਰਿੜ੍ਹ ਇਰਾਦਿਆਂ ਨਾਲ ਸੰਘਰਸ਼ ਵਿੱਚ ਡਟੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਅਹੁਦੇਦਾਰਾਂ ਵੱਲੋਂ ਅੱਜ ਦਸਵੇਂ ਦਿਨ ਸੰਘਰਸ਼ ਦੀ ਰੂਪਰੇਖਾ ਬਦਲਦਿਆਂ ਹਰਮੋਨੀਅਮ ਦੀਆਂ ਧੁਨਾਂ ’ਤੇ ਧਾਰਮਿਕ ਗੀਤ ਗਾ ਕੇ ਅੱਜ ਦੇ ਦਿਨ ਨੂੰ ‘ਸਦਬੁੱਧੀ ਦਿਵਸ’ ਵਜੋਂ ਮਨਾਇਆ।

ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਅਮਰਜੀਤ ਸਿੰਘ ਨੌਹਰਾ ਅਤੇ ਵਾਈਸ ਪ੍ਰਧਾਨ ਡਾ. ਸੁਪਿੰਦਰ ਕੌਰ ਦੀ ਅਗਵਾਈ ਵਿੱਚ ਇਸ ਅਨੌਖੇ ਤੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪੀਯੂ ਦੇ ਮਿਊਜ਼ਿਕ ਵਿਭਾਗ ਤੋਂ ਡਾ. ਨੀਲਮ ਪੌਲ ਵੱਲੋਂ ਹਰਮੋਨੀਅਮ ’ਤੇ ਵਜਾਈਆਂ ਧੁਨਾਂ ਨਾਲ ਸਾਰਿਆਂ ਨੇ ‘ਸਭ ਕੋ ਸਨਮਤੀ ਦੇ ਭਗਵਾਨ’ ਅਤੇ ‘ਇਤਨੀ ਸ਼ਕਤੀ ਹਮੇਂ ਦੇਨਾ ਦਾਤਾ...’ ਵਰਗੇ ਗੀਤ ਗਾ ਕੇ ਆਪਣੀ ਕੈਸ ਪ੍ਰਮੋਸ਼ਨਾਂ ਦੀ ਮੰਗ ਨੂੰ ਜਾਇਜ਼ ਠਹਿਰਾਇਆ ਤੇ ਇਸ ਮਿਸ਼ਨ ਦੀ ਪ੍ਰਾਪਤੀ ਲਈ ਦ੍ਰਿੜ੍ਹਤਾ ਦਾ ਇਜ਼ਹਾਰ ਕੀਤਾ। ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦੀ ਰਿਹਾਇਸ਼ ਅੱਗੇ ਕੀਤੇ ਇਸ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਗਈ ਸਗੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਏ।

ਇਸ ਮੌਕੇ ਪੂਟਾ ਦੇ ਵਾਈਸ ਪ੍ਰਧਾਨ ਡਾ. ਸੁਪਿੰਦਰ ਕੌਰ, ਕੇਸ਼ਵ ਮਲਹੋਤਰਾ, ਡਾ. ਰਾਜੇਸ਼ ਗਿੱਲ, ਨਿਤਿਨ ਅਰੋੜਾ, ਜੇ.ਕੇ. ਗੋਸਵਾਮੀ, ਸੁਮਨ ਸੁੰਮੀ ਨੇ ਕਿਹਾ ਕਿ ਆਪਣੀ ਮੰਗ ਪੂਰੀ ਹੋਣ ਤੱਕ ਉਹ ਤਕੜੇ ਹੋ ਕੇ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਉਪ-ਕੁਲਪਤੀ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀ ਇਸ ਜਾਇਜ਼ ਮੰਗ ਨੂੰ ਤੁਰੰਤ ਹੱਲ ਕੀਤਾ ਜਾਵੇ।

ਅਧਿਕਾਰੀਆਂ ਨੂੰ ‘ਸਦਬੁੱਧੀ’ ਦੇਣ ਲਈ ਅਰਦਾਸ

ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਸ ਪ੍ਰਮੋਸ਼ਨਾਂ ਦੀ ਜਾਇਜ਼ ਮੰਗ ਨੂੰ ਲੈ ਕੇ ਪੂਟਾ ਵੱਲੋਂ ਪਿਛਲੇ ਦਸ ਦਿਨਾਂ ਤੋਂ ਰੋਜ਼ਾਨਾ ਇੱਕ ਘੰਟੇ ਲਈ ਉਪ-ਕੁਲਪਤੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਵੱਖਰੇ ਅੰਦਾਜ਼ ਦਾ ਮਕਸਦ ਇਹੋ ਹੈ ਕਿ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਵੇ ਤਾਂ ਕਿ ਪੀਯੂ ਦੇ ਅਫ਼ਸਰਾਂ ਨੂੰ ਸਦਬੁੱਧੀ ਮਿਲ ਸਕੇ। ਇਸ ਦੇ ਨਾਲ ਹੀ ਇਹ ਵੀ ਕਾਮਨਾ ਕੀਤੀ ਗਈ ਕਿ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਰੱਬ ਹਿੰਮਤ ਜੁਟਾਉਣ ਲਈ ਸ਼ਕਤੀ ਬਖਸ਼ੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All