ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਅਕਤੂਬਰ
ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦਾ ਮੁਹਾਲੀ ਵਿੱਚ ਧਰਨਾ ਅੱਜ 12ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸੇ ਤਰ੍ਹਾਂ ਇੱਕ ਔਰਤ ਸਣੇ ਚਾਰ ਬੇਰੁਜ਼ਗਾਰ ਅਧਿਆਪਕ ਇਨਸਾਫ਼ ਪ੍ਰਾਪਤੀ ਲਈ ਸੋਹਾਣਾ ਵਿੱਚ ਪਾਣੀ ਵਾਲੀ ਟੈਂਕੀ ’ਤੇ ਡਟੇ ਹੋਏ ਹਨ ਅਤੇ ਉਨ੍ਹਾਂ ਦੇ ਬਾਕੀ ਸਾਥੀ ਟੈਂਕੀ ਥੱਲੇ ਧਰਨੇ ’ਤੇ ਬੈਠੇ ਹਨ। ਅੱਜ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੇ ਮੁਹਾਲੀ ਕੌਮਾਂਤਰੀ ਏਅਰਪੋਰਟ ਰੋਡ ’ਤੇ ਚੱਕਾ ਜਾਮ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਧਰਨੇ ਵਿੱਚ ਪਹੁੰਚ ਕੇ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਗੁਰਲਾਭ ਸਿੰਘ ਭੋਲਾ, ਕ੍ਰਿਸ਼ਨ ਸਿੰਘ ਨਾਭਾ, ਮੋਨੂ ਪਟਿਆਲਾ, ਸੰਦੀਪ ਸਿੰਘ ਬੰਗਾ ਅਤੇ ਕਮਲ ਘੁਰਕਣੀ ਨੇ ਕਿਹਾ ਕਿ ਉਹ 2011 ਤੋਂ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਹਨ ਤੇ ਪਿਛਲੇ 12 ਦਿਨ ਤੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਅਤੇ ਥੱਲੇ ਧਰਨੇ ’ਤੇ ਡਟੇ ਹੋਏ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਵੱਲੋਂ ਆਪਣੇ ਗਹਿਣੇ ਵੇਚ ਕੇ ਵਕੀਲਾਂ ਨੂੰ ਫੀਸਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪਾਣੀ ਦੀ ਟੈਂਕੀ ਉੱਤੇ ਮਰਨ ਵਰਤ ’ਤੇ ਬੈਠੀ ਮਾਨਸਾ ਦੀ ਬੇਰੁਜ਼ਗਾਰ ਅਧਿਆਪਕਾ ਸਿੱਪੀ ਸ਼ਰਮਾ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੰਘਰਸ਼ਸ਼ੀਲ ਮਹਿਲਾ ਨਾਲ ਕੁੱਝ ਵੀ ਵਾਪਰਿਆਂ ਤਾਂ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ।
—ਡੱਬੀ—-
ਸੜਕਾਂ ’ਤੇ ਰੁਲ ਰਹੀ ਜਵਾਨੀ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ ਸਰਕਾਰ: ਚੜੂਨੀ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਪੰਜਾਬ ਸਰਕਾਰ ਤੋਂ ਸੜਕਾਂ ’ਤੇ ਰੁਲ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਨੇ ’ਤੇ ਬੈਠੇ ਇਨ੍ਹਾਂ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ।
ਫੋਟੋ- ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨਾਲ ਧਰਨੇ ’ਤੇ ਬੈਠੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ। -ਫੋਟੋ: ਸੋਢੀ