PSEB: ਸਕੂਲ ਬੋਰਡ ਮੁਲਾਜ਼ਮਾਂ ਨੇ ਸਿੱਖਿਆ ਵਿਭਾਗ ਦਾ ਦਫ਼ਤਰ ਘੇਰਿਆ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਕੱਲ੍ਹ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲ ਬੋਰਡ ਦੀ ਖੜ੍ਹੀ 574.55 ਕਰੋੜ ਦੀ ਬਕਾਇਆ ਰਕਮ ਜਾਰੀ ਕਰਾਉਣ ਲਈ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਤੱਕ ਰੋਸ ਮਾਰਚ...
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਕੱਲ੍ਹ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲ ਬੋਰਡ ਦੀ ਖੜ੍ਹੀ 574.55 ਕਰੋੜ ਦੀ ਬਕਾਇਆ ਰਕਮ ਜਾਰੀ ਕਰਾਉਣ ਲਈ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਤੱਕ ਰੋਸ ਮਾਰਚ ਕਰ ਕੇ ਦਫਤਰ ਦਾ ਘਿਰਾਓ ਕਰਦਿਆਂ ਗੇਟ ਰੈਲੀ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਸਬੰਧਤ ਦਫਤਰ ਦੀ ਇਮਾਰਤ ਦੇ ਕਿਰਾਏ ਵਜੋਂ ਖੜ੍ਹੀ 40 ਕਰੋੜ ਦੀ ਰਕਮ ਦੀ ਸਕੂਲ ਸਿੱਖਿਆ ਬੋਰਡ ਨੂੰ ਤੁਰੰਤ ਅਦਾਇਗੀ ਕਰਨ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਬੋਰਡ ਦੀਆਂ ਵਿੱਤੀ ਲੋੜਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲ ਬੋਰਡ ਦੀ 574.55 ਕਰੋੜ ਰੁਪਏ ਦੀ ਰਕਮ ਲੰਮੇ ਸਮੇਂ ਤੋਂ ਬਕਾਇਆ ਹੈ। ਇਸ ਦੀ ਅਦਾਇਗੀ ਨਾ ਹੋਣ ਕਾਰਨ ਬੋਰਡ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿੱਤ ਵਿਭਾਗ ਦੀ ਅਣਗਹਿਲੀ ਕਾਰਨ ਬੋਰਡ ਨੂੰ ਆਪਣੀ ਹੀ ਜਾਇਦਾਦ ਤੋਂ ਬਣਦੀ ਆਮਦਨ ਵੀ ਨਹੀਂ ਮਿਲ ਰਹੀ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਤਰਮਾਲਾ ਨੇ ਕਿਹਾ ਕਿ ਬੋਰਡ ਦੀ ਵਿੱਤੀ ਸਥਿਤੀ ਨੂੰ ਕਮਜ਼ੋਰ ਕਰਨ ਲਈ ਮੁੱਖ ਤੌਰ ’ਤੇ ਪੰਜਾਬ ਸਰਕਾਰ ਦਾ ਵਿੱਤ ਵਿਭਾਗ ਜਵਾਬਦੇਹ ਹੈ। ਜੇ ਬੋਰਡ ਦੀ ਬਣਦੀ ਰਕਮ ਸਮੇਂ ਸਿਰ ਜਾਰੀ ਕੀਤੀ ਜਾਂਦੀ ਅਤੇ ਬੋਰਡ ਦੀਆਂ ਜਾਇਦਾਦਾਂ ਦਾ ਵਾਜਬ ਕਿਰਾਇਆ ਤੈਅ ਕੀਤਾ ਜਾਂਦਾ ਤਾਂ ਬੋਰਡ ਨੂੰ ਅੱਜ ਇੰਨੇ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਨਾ ਕਰਨਾ ਪੈਂਦਾ। ਧਰਨੇ ਨੂੰ ਸੰਯੁਕਤ ਸਕੱਤਰ ਲਖਵਿੰਦਰ ਸਿੰਘ ਘੜੂੰਆਂ, ਮਨੋਜ ਰਾਣਾ, ਸੁਖਚੈਨ ਸਿੰਘ ਆਦਿ ਨੇ ਵਿੱਤ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ।
ਇਸ ਮੌਕੇ ਮਲਕੀਤ ਸਿੰਘ ਗੱਗੜ, ਗੁਰਜੀਤ ਸਿੰਘ ਬੀਦੋਵਾਲੀ, ਮਨਜਿੰਦਰ ਸਿੰਘ ਹੁਲਕਾ, ਸਵਰਨ ਤਿਊੜ, ਮਨਜੀਤ ਸਿੰਘ ਲਹਿਰਾਗਾਗਾ, ਸੁਰਿੰਦਰ ਸਿੰਘ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ।
ਰਿਟਾਇਰੀ ਅਫਸਰ ਯੂਨੀਅਨ ਵੀ ਹਮਾਇਤ ’ਚ ਆਈ
ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਅਫਸਰ ਵੈੱਲਫੇਅਰ ਐਸੋਸੀਏਸ਼ਨ ਦੇ ਕਨਵੀਨਰ ਗੁਰਦੀਪ ਸਿੰਘ ਢਿੱਲੋਂ, ਹਰਬੰਸ ਸਿੰਘ ਢੋਲੇਵਾਲ, ਮੇਘ ਰਾਜ ਗੋਇਲ, ਹਰਵਿੰਦਰ ਸਿੰਘ, ਮਨਿੰਦਰਪਾਲ ਸਿੰਘ, ਰਸ਼ਭਿੰਦਰ ਸਿੰਘ, ਗੁਰਦੇਵ ਸਿੰਘ, ਨਿਰੰਜਨ ਲਾਲ ਮਾਹੀ ਨੇ ਬੋਰਡ ਦੇ ਚੇਅਰਮੈਨ ਤੋਂ ਉਨ੍ਹਾਂ ਦੇ ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਤੁਰੰਤ ਬੋਰਡ ਦੇ ਵੱਖ-ਵੱਖ ਵਿਭਾਗਾਂ ਵੱਲ ਖੜ੍ਹੇ ਬਕਾਏ ਜਾਰੀ ਕਰਾਉਣ ਦੀ ਮੰਗ ਕੀਤੀ ਹੈ।

