ਪਾਣੀ ਦੇ ਬਿੱਲ ਆਉਣ ਕਾਰਨ ਕਾਂਸਲ ਵਾਸੀਆਂ ’ਚ ਰੋਸ
ਨਗਰ ਕੌਂਸਲ ਨਵਾਂ ਗਰਾਉਂ ਦੇ ਵਾਰਡ ਨੰਬਰ 9 ਤੋਂ ਕੌਂਸਲਰ ਤਰਨਜੀਤ ਕੌਰ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਵਿੱਚ 125 ਗਜ਼ ਵਾਲੇ ਮਕਾਨਾਂ ਦੇ ਪਾਣੀ ਦੇ ਸਰਕਾਰੀ ਬਿੱਲ ਮੁਆਫ਼ ਕੀਤੇ ਸਨ। ਉਨਾਂ ਦੱਸਿਆ ਕਿ ਪਰ ਹੁਣ ਵਿਭਾਗ ਵੱਲੋਂ ਪਿੰਡ ਕਾਂਸਲ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਸਰਕਾਰੀ ਪਾਣੀ ਦੇ ਦੋ ਹਜ਼ਾਰ ਤੋਂ ਲੈ ਕੇ ਪੱਚੀ ਸੌ ਰੁਪਏ ਤੱਕ ਦੇ ਬਿੱਲ ਭੇਜੇ ਗਏ ਹਨ, ਜਿਸ ਕਾਰਨ ਪਿੰਡ ਕਾਂਸਲ ਵਾਸੀਆਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਤਰਨਜੀਤ ਕੌਰ ਬੈਂਸ ਨੇ ਅੱਗੇ ਦੱਸਿਆ ਕਿ ਲੋਕ ਉਨ੍ਹਾਂ ਕੋਲ ਲਗਪਗ 42 ਬਿੱਲ ਲੈ ਕੇ ਲੋਕ ਆ ਚੁੱਕੇ ਹਨ ਤੇ ਹੋਰ ਵੀ ਆ ਰਹੇ ਹਨ। ਬੀਬੀ ਬੈਂਸ ਨੇ ਜਲ ਸਪਲਾਈ ਵਿਭਾਗ ਦੇ ਇੰਜਨੀਅਰ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਦੀ ਕਾਪੀ ਤੇ ਬਿੱਲ ਨੱਥੀ ਕਰਕੇ ਭੇਜਦਿਆਂ ਮੰਗ ਕੀਤੀ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਬਿੱਲ ਮੁਆਫ ਕਰਨ ਲਈ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਵਨੀਤ ਸਿੰਘ, ਕੁਲਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਪਾਣੀ ਦੇ ਬਿੱਲ ਮੁਆਫ ਨਹੀਂ: ਜੇ ਈ
ਜਲ ਸਪਲਾਈ ਵਿਭਾਗ ਦੇ ਜੇ ਈ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਨਗਰ ਕੌਂਸਲ ਨਵਾਂ ਗਰਾਉਂ ਅਧੀਨ ਇਹ ਸਮੁੱਚਾ ਇਲਾਕਾ ਪੈਂਦਾ ਹੈ, ਜਿੱਥੇ ਇਹ ਕਿਸੇ ਦੇ ਵੀ ਬਿੱਲ ਮੁਆਫ਼ ਨਹੀਂ ਹਨ। ਉਨਾਂ ਇਹ ਵੀ ਕਿਹਾ ਕਿ ਨਵਾਂ ਗਰਾਉਂ ਕੌਂਸਲ ਨੇ ਇਸ ਸਬੰਧੀ ਮਤਾ ਜ਼ਰੂਰ ਪਾਇਆ ਹੋਇਆ ਹੈ ਪਰ ਇਸ ਨੂੰ ਹਾਲੇ ਤੱਕ ਟੇਕਓਵਰ ਨਹੀਂ ਕੀਤਾ ਗਿਆ, ਜਦੋਂ ਕੌਂਸਲ ਟੇਕਓਵਰ ਕਰੇਗੀ ਤਾਂ ਇੱਥੇ ਇਹ ਨੋਟੀਫਿਕੇਸ਼ਨ ਲਾਗੂ ਹੋ ਜਾਵੇਗਾ।
ਕੌਂਸਲਰ ਤਰਨਜੀਤ ਕੌਰ ਬੈਂਸ ਦੀ ਫੋਟੋ।
