ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਖ਼ਿਲਾਫ਼ ਮੁਜ਼ਾਹਰੇ
ਕਿਸਾਨਾਂ ਅਤੇ ਬਿਜਲੀ ਕਾਮਿਆਂ ਨੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ; ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਸੰਯੁਕਤ ਕਿਸਾਨ ਮੋਰਚੇ ਅਤੇ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਦੇ ਸੱਦੇ ਤਹਿਤ ਕਿਸਾਨ ਅਤੇ ਪਾਵਰਕੌਮ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਮੁਹਾਲੀ ਦੇ ਸਨਅਤੀ ਖੇਤਰ ਫੇਜ਼-3 ਦੇ ਡਿਵੀਜ਼ਨ ਦਫ਼ਤਰ ’ਚ ਸਾਂਝਾ ਧਰਨਾ ਦਿੱਤਾ। ਧਰਨੇ ਵਿੱਚ ਟੀ ਐੱਸ ਯੂ ਪੈਨਸ਼ਨਰ ਐਸੋਸੀਏਸ਼ਨ ਅਤੇ ਠੇਕਾ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਫੈਡਰੇਸ਼ਨ ਏਟਕ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰਜ਼ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਅਤੇ ਬਿਜਲੀ ਕਾਮਿਆਂ ਨੇ ਬਿਜਲੀ ਸੋਧ ਬਿੱਲ-2025 ਅਤੇ ਬੀਜ ਬਿੱਲ ਦੀਆਂ ਕਾਪੀਆਂ ਸਾੜੀਆਂ ਤੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਊ, ਅੰਗਰੇਜ਼ ਸਿੰਘ, ਪ੍ਰਦੀਪ ਸਿੰਘ, ਨੱਛਤਰ ਸਿੰਘ ਬੈਦਵਾਣ, ਦਰਸ਼ਨ ਸਿੰਘ ਦੁਰਾਲੀ, ਕਮਲਜੀਤ ਸਿੰਘ ਲਾਂਡਰਾਂ, ਬਲਵਿੰਦਰ ਸਿੰਘ ਲਾਂਡਰਾਂ, ਟੀ ਐਸ ਯੂ ਸਰਕਲ ਪ੍ਰਧਾਨ ਗੁਰਬਖਸ਼ ਸਿੰਘ, ਲੱਖਾ ਸਿੰਘ, ਜਤਿੰਦਰ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਵਿਜੇ ਕੁਮਾਰ, ਪਰਮਜੀਤ ਸਿੰਘ, ਸੰਦੀਪ ਨਾਗਪਾਲ, ਗੁਰਮੇਲ ਸਿੰਘ, ਜਸਪਾਲ ਭੁੱਲਰ, ਬਲਪ੍ਰੀਤ ਸਿੰਘ, ਸੁਰਿੰਦਰਪਾਲ ਸਿੰਘ ਲਾਹੌਰੀਆ, ਮੋਹਨ ਸਿੰਘ ਗਿੱਲ, ਜ਼ੋਰਾ ਸਿੰਘ ਅਤੇ ਏਕਮ ਸਿੱਧੂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਅਤੇ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫ਼ੇ ਲਈ ਬਿਜਲੀ ਸੋਧ ਬਿਲ 2025 ਲਿਆਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਕਿਸਾਨ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਵਾਪਸ ਲਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਜ਼ੀਰਕਪੁਰ (ਹਰਜੀਤ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਨਵੇਂ ਬਿੱਲਾਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025 ਅਤੇ ਲੇਬਰ ਕੋਡ 2025 ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਰੁਸਤਮ ਮੌਰਿੰਡਾ ਬੀ ਕੇ ਯੂ ਪੁਆਧ ਅਤੇ ਤਰਲੋਚਨ ਸਿੰਘ ਬੀ ਕੇ ਯੂ ਪੁਆਧ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਬਿੱਲਾਂ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ’ਤੇ ਮਾਰ ਪਵੇਗੀ। ਬਿਜਲੀ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਨਵੇਂ ਬਿਜਲੀ ਸੋਧ ਕਾਨੂੰਨ ਰਾਹੀਂ ਨਿੱਜੀਕਰਨ ਕੀਤਾ ਜਾਵੇਗਾ, ਜਿਸ ਨਾਲ ਬਿਜਲੀ ਸਬਸਿਡੀ ਖਤਮ ਹੋਣ ਦੇ ਨਾਲ ਸਰਕਾਰੀਆਂ ਨੌਕਰੀਆਂ ’ਤੇ ਵੀ ਅਸਰ ਪਵੇਗਾ। ਇਨ੍ਹਾਂ ਬਿੱਲਾਂ ਖ਼ਿਲਾਫ਼ ਅੱਜ ਬਲਾਕ-ਮੁਹਾਲੀ, ਜ਼ੀਰਕਪੁਰ ਅਤੇ ਦੂਜੇ ਇਲਾਕਿਆਂ ਤੋਂ ਆਏ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਠੇਕਾ ਕਾਮਿਆਂ ਨੇ ਭਾਰੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਤਰਲੋਚਨ ਸਿੰਘ, ਰੁਸਤਮ ਸੇਖ, ਗੁਰਪ੍ਰੀਤ ਸਿੰਘ, ਅਮਰ ਸਿੰਘ, ਹਰਬੰਸ ਸਿੰਘ, ਕਰਨੈਲ ਧੀਮਾਨ, ਲਖਵਿੰਦਰ ਸਿੰਘ, ਹਰਦੀਪ ਸਿੰਘ, ਕੁਲਵੀਰ ਸਿੰਘ ਅਤੇ ਜਸਪਾਲ ਸਿੰਘ ਨਾਲ-ਨਾਲ ਬਿਜਲੀ ਮੁਲਾਜ਼ਮਾਂ ਵਿਚ ਅਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਰੋਹਿਤ ਸ਼ਰਮਾ, ਅਨਿਲ ਕੁਮਾਰ, ਜਗਮੋਹਨ ਸਿੰਘ ਅਤੇ ਪੈਨਸ਼ਨਰ ਜਥੇਬੰਦੀ ਦੇ ਆਗੂ ਰਾਜਿੰਦਰ ਕੁਮਾਰ ਤੇ ਰਣਜੀਤ ਸਿੰਘ ਹਾਜ਼ਰ ਸਨ।
ਘਨੌਲੀ (ਜਗਮੋਹਨ ਸਿੰਘ): ਅੱਜ ਇੱੱਥੇ ਪਾਵਰਕੌਮ ਸੰਚਾਲਨ ਉਪ ਮੰਡਲ ਘਨੌਲੀ ਦੇ ਦਫ਼ਤਰ ਵਿੱਚ ਪਾਵਰਕੌਮ ਕਾਮਿਆਂ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਂਝੇ ਤੌਰ ’ਤੇ ਰੋਸ ਰੈਲੀ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਹਜ਼ਾਰਾ ਮੀਤ ਪ੍ਰਧਾਨ ਪੰਜਾਬ ਸਟੇਟ ਇੰਪਲਾਈਜ਼ ਫੈਡਰੇਸ਼ਨ ਏਟਕ, ਸੀਨੀਅਰ ਕਿਸਾਨ ਆਗੂ ਕਾਮਰੇਡ ਦਲੀਪ ਸਿੰਘ ਘਨੌਲਾ, ਕੁੱਲ ਹਿੰਦ ਕਿਸਾਨ ਸਭਾ ਆਗੂ ਤੇ ਚੱਕ ਕਰਮਾ ਦੇ ਸਰਪੰਚ ਕਾਮਰੇਡ ਪਵਨ ਕੁਮਾਰ, ਰਵਿੰਦਰ ਦਾਸ ਪ੍ਰਧਾਨ, ਜਤਿੰਦਰ ਸਿੰਘ ਮੀਤ ਪ੍ਰਧਾਨ ਸਬ ਡਵੀਜ਼ਨ ਘਨੌਲੀ ਨੇ ਸੰਬੋਧਨ ਕੀਤਾ।
ਖਰੜ (ਸ਼ਸ਼ੀ ਪਾਲ ਜੈਨ): ਪਾਵਰਕੌਮ ਦੀ ਸਬ ਡਵੀਜਨ ਸਿਟੀ ਖਰੜ ਅੱਗੇ ਕਿਸਾਨਾਂ ਅਤੇ ਬਿਜਲੀ ਕਾਮਿਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਦਵਿੰਦਰ ਸਿੰਘ ਜਿਲਾ ਪ੍ਰਧਾਨ, ਜਸਪਾਲ ਸਿੰਘ ਨਿਆਮੀਆਂ ਜ਼ਿਲ੍ਹਾ ਸਕੱਤਰ, ਅਮਰੀਕ ਸਿੰਘ ਭੋਲਾ ਬਲਾਕ ਪ੍ਰਧਾਨ ਮਾਜਰੀ, ਗੁਰਮੀਤ ਸਿੰਘ ਖੂਨੀਮਾਜਰਾ ਬਲਾਕ ਪ੍ਰਧਾਨ ਖਰੜ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਦਵਿੰਦਰ ਸਿੰਘ, ਡਵੀਜ਼ਨ ਸਕੱਤਰ ਰਣਧੀਰ ਸਿੰਘ, ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸਨ ਏਟਕ ਦੇ ਡਵੀਜ਼ਨ ਪ੍ਰਧਾਨ ਗਗਨ ਰਾਣਾ, ਸਰਕਲ ਆਗੂ ਰਿਸ਼ਵ, ਤਰਨਜੀਤ ਸਿੰਘ, ਰਣਬੀਰ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ ਢਿੱਲੋਂ, ਅਤੁਲ ਸਿਧਾਨਾ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ, ਡਵੀਜਨ ਆਗੂ ਜੰਗ ਸਿੰਘ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਭਾਗ ਸਿੰਘ ਮੜੋਲੀ ਅਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਨੇ ਸੰਬੋਧਨ ਕੀਤਾ।
ਬਨੂੜ (ਪੱਤਰ ਪ੍ਰੇਰਕ): ਕਿਸਾਨਾਂ ਨੇ ਬਨੂੜ ਦੇ ਪਾਵਰਕੌਮ ਦਫ਼ਤਰ ਮੂਹਰੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕੀਤੀ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਡਕੌਦਾ, ਕਿਸਾਨ ਯੂਨੀਅਨ ਚੜੂਨੀ, ਖੇਤ ਮਜ਼ਦੂਰ ਯੂਨੀਅਨ ਅਤੇ ਆਲ ਇੰਡੀਆ ਐਂਪਲਾਇਜ਼ ਫੈਡਰੇਸ਼ਨ ਦੇ ਕਾਰਕੁਨ ਪਾਵਰਕੌਮ ਦਫ਼ਤਰ ਮੂਹਰੇ ਇਕੱਠੇ ਹੋਏ। ਇਕੱਠ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਬੀ ਕੇ ਯੂ ਡਕੌਦਾ ਦੇ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸਤਪਾਲ ਸਿੰਘ ਰਾਜੋਮਾਜਰਾ, ਚੜੂਨੀ ਦੇ ਆਗੂ ਸਤਨਾਮ ਸਿੰਘ ਢੇਸੀ, ਮੁਲਾਜ਼ਮ ਆਗੂ ਨਰਿੰਦਰ ਸ਼ਰਮਾ, ਫੈਡਰੇਸ਼ਨ ਆਗੂ ਅਮਰ ਨਾਥ ਨੇ ਸੰਬੋਧਨ ਕੀਤਾ।
ਲਾਲੜੂ (ਸਰਬਜੀਤ ਸਿੰਘ ਭੱਟੀ): ਇੱਥੇ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਨੇ ਬਿਜਲੀ ਬਿੱਲ-2025 ਦੀਆਂ ਕਾਪੀਆਂ ਸਾੜੀਆਂ। ਧਰਨੇ ਵਿੱਚ ਕਾਰਜਕਾਰੀ ਮੈਂਬਰ ਬੀਕੇਯੂ ਲੱਖੋਵਾਲ ਮਨਪ੍ਰੀਤ ਸਿੰਘ ਅਮਲਾਲਾ, ਰਣਜੀਤ ਸਿੰਘ ਰਾਣਾ, ਕੇਹਰ ਸਿੰਘ ਚਡਿਆਲਾ, ਜਗਤਾਰ ਸਿੰਘ ਝਰਮੜੀ, ਹਰੀ ਸਿੰਘ ਚਡਿਆਲਾ, ਹਰੀ ਸਿੰਘ ਬਹੋੜਾ, ਬਲਜੀਤ ਸਿੰਘ ਭਾਊ, ਗੁਰਪਾਲ ਸਿੰਘ ਦੱਪਰ, ਆਲ ਇੰਡੀਆ ਕਿਸਾਨ ਸਭਾ ਤੋਂ ਬਲਵਿੰਦਰ ਸਿੰਘ ਜੜੌਤ, ਮਹਿੰਦਰ ਸਿੰਘ ਸਰਸੀਣੀ, ਸੁਰਿੰਦਰ ਸਿੰਘ ਜੜੌਤ, ਸੁਰਜਣ ਸਿੰਘ ਚੌਂਦਹੇੜੀ, ਦਲਵੀਰ ਸਿੰਘ ਚੌਂਦਹੇੜੀ, ਰਣਬੀਰ ਸਿੰਘ ਚੌਂਦਹੇੜੀ, ਟੀ ਐੱਸ ਯੂ ਆਗੂ ਮਹਿੰਦਰ ਸਿੰਘ ਸੈਣੀ ਟੀ ਐੱਸ ਯੂ, ਰਜੇਸ਼ ਰਾਣਾ, ਗੁਰਮੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਵਰਨ ਸਿੰਘ ਮਾਵੀ, ਬਲਵੀਰ ਸਿੰਘ ਅਤੇ ਹਰਵਿੰਦਰ ਸਿੰਘ ਝਰਮੜੀ ਹਾਜ਼ਰ ਸਨ।
ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ
ਖਮਾਣੋਂ (ਜਗਜੀਤ ਕੁਮਾਰ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਬਿਜਲੀ ਬੋਰਡ ਖਮਾਣੋਂ ਵਿੱਚ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨ ਆਗੂ ਕਸ਼ਮੀਰਾ ਸਿੰਘ ਜਟਾਣਾ ਉੱਚਾ, ਮਹਿੰਦਰ ਸਿੰਘ ਜਟਾਣਾ, ਜਗਤਾਰ ਸਿੰਘ ਮਹੇਸ਼ਪੁਰਾ ਅਤੇ ਮੇਜਰ ਸਿੰਘ ਭੜੀ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਬਿਜਲੀ ਸੋਧ ਬਿੱਲ 2025 ਲਾਗੂ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੋਧੀ ਫ਼ੈਸਲਿਆਂ ਨੂੰ ਲਾਗੂ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਆਖਿਆ ਕਿ ਜਥੇਬੰਦੀ ਅਜਿਹੇ ਫ਼ੈਸਲਿਆਂ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਬਿਜਲੀ ਬਿੱਲ ਪਾਸ ਕਰਕੇ ਅਦਾਰਾ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ ਜੋ ਚਿੱਪ ਵਾਲੇ ਮੀਟਰ ਲਾ ਕੇ ਇੱਕੋ ਰੇਟ ’ਤੇ ਬਿਜਲੀ ਦੇਣਗੇ, ਜਿਸ ਨਾਲ ਬਿਜਲੀ ਸਬਸਿਡੀ ਖ਼ਤਮ ਹੋ ਜਾਵੇਗੀ। ਉਨ੍ਹਾਂ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ।

