ਸੀਨੀਆਰਤਾ ਸੂਚੀ ’ਚ ‘ਖਾਮੀਆਂ’ ਕਾਰਨ ਰੋਸ

ਸੀਨੀਆਰਤਾ ਸੂਚੀ ’ਚ ‘ਖਾਮੀਆਂ’ ਕਾਰਨ ਰੋਸ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਅਕਤੂਬਰ

ਯੂਟੀ ਦੇ ਸਿੱਖਿਆ ਵਿਭਾਗ ਵੱਲੋਂ 101 ਅਧਿਆਪਕਾਂ ਦੀ ਤਰੱਕੀ ਕੀਤੀ ਜਾ ਰਹੀ ਹੈ ਪਰ ਸੀਨੀਆਰਤਾ ਸੂਚੀਆਂ ਵਿਚ ਖਾਮੀਆਂ ਹੋਣ ਕਾਰਨ ਅਧਿਆਪਕਾਂ ਵਿਚ ਰੋਸ ਹੈ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਯੂਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਦੋ ਸੀਨੀਆਰਤਾ ਸੂਚੀਆਂ ਜਾਰੀ ਕੀਤੀਆਂ ਹਨ ਤੇ ਉਸ ਵਿਚ ਭਾਸ਼ਾਵਾਂ ਦੇ ਅਧਿਆਪਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਸਕੱਤਰੇਤ ਦੇ ਰਿਕਾਰਡ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਲੈਂਗੂਏਜ ਦੀ ਅਧਿਆਪਕ ਨੀਲਮ ਰਾਣੀ ਤੇ ਸਵੀਟੀ ਬਡਵਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ ਕਿ ਸੀਐਂਡਵੀ ਤੇ ਮਾਸਟਰ ਕੇਡਰ ਦੀ ਵਿਦਿਅਕ ਯੋਗਤਾ ਇਕ ਹੋਣ ਦੇ ਬਾਵਜੂਦ ਦੋ ਸੀਨੀਆਰਤਾ ਸੂਚੀਆਂ ਬਣਾਈਆਂ ਗਈਆਂ ਹਨ ਜਿਸ ਤੋਂ ਬਾਅਦ ਅਦਾਲਤ ਨੇ ਹੁਕਮ ਜਾਰੀ ਕੀਤੇ ਸਨ ਕਿ ਮਾਸਟਰ ਕੇਡਰ ਵਿਚ ਇਕੋ ਵਿਦਿਅਕ ਯੋਗਤਾ ਹੋਣ ਕਾਰਨ ਦੋ ਸੀਨੀਆਰਤਾ ਸੂਚੀਆਂ ਨਹੀਂ ਬਣਾਈਆਂ ਜਾ ਸਕਦੀਆਂ। ਉਨ੍ਹਾਂ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕਰ ਕੇ ਸਾਂਝੀ ਸੂਚੀ ਜਾਰੀ ਕਰਨ ਲਈ ਕਿਹਾ। ਪੰਜਾਬ ਨੇ ਇਨ੍ਹਾਂ ਹੁਕਮਾਂ ’ਤੇ ਅਮਲ ਕਰਦਿਆਂ ਇਕ ਸੀਨੀਆਰਤਾ ਸੂਚੀ ਬਣਾ ਲਈ ਤੇ ਇਸ ਦੀ ਕਾਪੀ ਚੰਡੀਗੜ੍ਹ ਦੇ ਡੀਪੀਆਈ ਨੂੰ ਵੀ ਭੇਜ ਦਿੱਤੀ ਤਾਂ ਕਿ ਉਹ ਵੀ ਸਾਂਝੀ ਸੀਨੀਆਰਤਾ ਸੂਚੀ ਬਣਾਉਣ। ਇਥੋਂ ਦੇ ਅਧਿਆਪਕਾਂ ਨੇ ਦੱਸਿਆ ਕਿ ਯੂਟੀ ਵਲੋਂ ਭਾਸ਼ਾ  ਅਧਿਆਪਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਚ ਪੰਜਾਬ ਦੇ ਰੂਲਜ ਫਾਲੋਅ ਕੀਤੇ ਜਾਂਦੇ ਹਨ ਪਰ ਇਸ ਮਾਮਲੇ ਵਿਚ ਯੂਟੀ ਵੱਲੋਂ ਕਥਿਤ ਤੌਰ ’ਤੇ ਮਨਮਾਨੀ ਕੀਤੀ ਜਾ ਰਹੀ ਹੈ।  ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਨੇ ਅਦਾਲਤ ਦੇ ਫੈਸਲੇ ਤੋਂ ਬਾਅਦ 59608  ਸੀਐਂਡਵੀ ਅਧਿਆਪਕਾਂ ਤੇ ਮਾਸਟਰ ਕੇਡਰ ਅਧਿਆਪਕਾਂ ਦੀ ਇਕੱਠੀ ਸੀਨੀਆਰਤਾ ਸੂਚੀ ਬਣਾ ਲਈ ਹੈ ਜਦਕਿ ਯੂਟੀ ਵਿਚ ਪੰਜਾਬ ਦੇ ਮੁਕਾਬਲੇ ਸਿਰਫ 5 ਫੀਸਦੀ ਹੀ ਅਧਿਆਪਕ ਹਨ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਅਧਿਆਪਕਾਂ ਦੀਆਂ ਤਰੱਕੀਆਂ ਦੇ ਹੱਕ ਵਿਚ ਹਨ ਪਰ ਜੇ ਇਸ ਵਿਚ ਖਾਮੀਆਂ ਰਹਿ ਗਈਆਂ ਹਨ ਤਾਂ ਉਹ ਇਸ ਨੂੰ ਠੀਕ ਕਰਵਾਉਣਗੇ।  

ਭਾਸ਼ਾਈ ਅਧਿਆਪਕ ਮਾਸਟਰ ਕੇਡਰ ਤੋਂ ਵਾਂਝੇ

1985 ਤੋਂ ਪਹਿਲਾਂ ਲੈਂਗੂਏਜ ਦੇ ਅਧਿਆਪਕਾਂ ਨੂੰ ਸੀਐਂਡਵੀ ਅਧਿਆਪਕ ਕਿਹਾ ਜਾਂਦਾ ਸੀ। ਇਹ ਅਧਿਆਪਕ ਪੰਜਾਬੀ ਵਿੱਚ ਗਿਆਨੀ ਕਰਕੇ, ਹਿੰਦੀ  ਵਿੱਚ ਪ੍ਰਭਾਕਰ ਕਰਕੇ, ਸੰਸਕ੍ਰਿਤ ਵਿੱਚ ਓਟੀ, ਡਰਾਇੰਗ ਦੇ ਦਸਵੀਂ ਤੋਂ ਬਾਅਦ ਡਿਪਲੋਮਾ ਕਰਕੇ ਤਾਇਨਾਤ ਹੁੰਦੇ ਸੀ ਪਰ ਵਿਭਾਗ ਨੇ ਇਨ੍ਹਾਂ ਤੋਂ ਬਾਅਦ ਮਾਸਟਰ ਕੇਡਰ ਦੇ ਹੀ ਅਧਿਆਪਕ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਤੇ ਉਨ੍ਹਾਂ ਦੀ ਵਿਦਿਅਕ ਯੋਗਤਾ ਬੀਏ ਬੀਐਡ ਰੱਖੀ ਗਈ ਪਰ ਇਨ੍ਹਾਂ ਅਧਿਆਪਕਾਂ ਨੂੰ ਮਾਸਟਰ ਕੇਡਰ ਦੀ ਥਾਂ ਸੀਐਂਡਵੀ ਵਿਚ ਹੀ ਥਾਂ ਦਿੱਤੀ ਗਈ। ਅਧਿਆਪਕਾਂ ਦਾ ਦੋਸ਼ ਹੈ ਕਿ ਜੇ ਹੁਣ ਉਨ੍ਹਾਂ ਦੀ ਯੋਗਤਾ ਤੇ ਹੋਰ ਸ਼ਰਤਾਂ ਬਾਕੀਆਂ ਵਾਂਗ ਹਨ ਤਾਂ ਉਨ੍ਹਾਂ ਨਾਲ ਹੁਣ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। 

ਦੋ ਪੋਸਟਗਰੈਜੂਸ਼ਨ ਡਿਗਰੀਆਂ ਕਰਨ ਨਾਲ ਫਾਇਦਾ

ਸਕੱਤਰੇਤ ਦੇ ਰਿਕਾਰਡ ਅਨੁਸਾਰ ਜੇ ਕਿਸੇ ਅਧਿਆਪਕ ਨੇ ਇਕ ਪੋਸਟ ਗਰੈਜੂਏਸ਼ਨ ਡਿਗਰੀ ਕੀਤੀ ਹੈ ਤਾਂ ਦੂਜੀ ਪੋਸਟ ਗਰੈਜੂਏਸ਼ਨ ਡਿਗਰੀ ਕਰਨ ਵੇਲੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਵਿਸ਼ਾ ਕਾਲਜ ਪੱਧਰ ’ਤੇ ਪੜਿ੍ਹਆ ਹੋਵੇ। ਇਸ ਕਾਰਨ ਅਧਿਆਪਕ ਤਰੱਕੀਆਂ ਲੈਣ ਲਈ ਇਕ ਤੋਂ ਵੱਧ ਪੋਸਟਗਰੈਜੂਏਸ਼ਨ ਦੀਆਂ ਡਿਗਰੀਆਂ ਹਾਸਲ ਕਰ ਲੈਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਅਧਿਆਪਕਾਂ ਨੇ ਸਕੂਲ ਜਾਂ ਕਾਲਜ ਪੱਧਰ ’ਤੇ ਉਹ ਵਿਸ਼ਾ ਨਹੀਂ ਪੜ੍ਹਿਆ ਹੁੰਦਾ ਪਰ ਤਰੱਕੀ ਲਈ ਉਹ ਵਿਸ਼ਾ ਬਦਲ ਕੇ ਡਿਗਰੀ ਕਰ ਲੈਂਦੇ ਹਨ। ਸੂਤਰਾਂ ਅਨੁਸਾਰ ਹੁਣ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-25 ਤੇ 33 ਦੇ ਪੰਜਾਬੀ ਦੇ ਅਧਿਆਪਕ ਪੋਸਟਗਰੈਜੂਕੇਸ਼ਨ ਦੇ ਆਧਾਰ ’ਤੇ ਅੰਗਰੇਜ਼ੀ ਪੜ੍ਹਾਉਣਗੇ ਜਦਕਿ ਸੈਕਟਰ-16 ਦਾ ਹਿੰਦੀ ਦਾ ਅਧਿਆਪਕ ਹੁਣ ਅੰਗਰੇਜ਼ੀ, ਸੈਕਟਰ 18 ਹੋਮ ਸਾਇੰਸ ਦਾ ਮਿਊਜ਼ਿਕ, ਸੈਕਟਰ-20 ਦੋ ਸਾਇੰਸ ਅਧਿਆਪਕ ਕ੍ਰਮਵਾਰ ਅੰਗਰੇਜ਼ੀ ਤੇ ਕਾਮਰਸ, ਸੈਕਟਰ-23 ਦਾ ਗਣਿਤ ਦਾ ਅਧਿਆਪਕ ਪੰਜਾਬੀ, ਸੈਕਟਰ-42 ਗਣਿਤ ਦਾ ਇਕਨਾਮਿਕਸ, ਸੈਕਟਰ-43 ਗਣਿਤ ਦਾ ਪੰਜਾਬੀ ਆਦਿ ਵਿਸ਼ੇ ਪੜ੍ਹਾਉਣਗੇ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All