ਕੁਲਦੀਪ ਸਿੰਘ
ਚੰਡੀਗੜ੍ਹ, 26 ਸਤੰਬਰ
ਪੀਜੀਆਈ ਚੰਡੀਗੜ੍ਹ ਵਿੱਚ ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਨਰਸਿੰਗ ਸਟਾਫ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਤੋਂ ਡਾਇਰੈਕਟਰ ਦੇ ਦਫ਼ਤਰ ਅੱਗੇ ਦੁਪਹਿਰ ਦੋ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਸੰਕੇਤਕ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਸਟਾਫ ਨੇ ਹੱਥਾਂ ਵਿੱਚ ਆਪਣੀਆਂ ਮੰਗਾਂ ਲਿਖੀਆਂ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਅਤੇ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਨਰਸਿੰਗ ਸਟਾਫ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੀ ਪ੍ਰਧਾਨ ਮੰਜਨੀਕ ਨੇ ਕਿਹਾ ਕਿ ਪੀਜੀਆਈ ਪ੍ਰਸ਼ਾਸਨ ਵੱਲੋਂ 9 ਸਤੰਬਰ ਨੂੰ ‘ਕੁਆਲੀਫਿਕੇਸ਼ਨ ਪੇਅ’ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਜਿਸ ਨੂੰ ਲੈ ਕੇ ਨਰਸਿੰਗ ਸਟਾਫ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਸਾਲ-2019 ਤੋਂ ਨਰਸਿੰਗ ਸਟਾਫ ਦੇ ਬਦਲੇ ਹੋਏ ਭਰਤੀ ਨਿਯਮਾਂ ਉਪਰੰਤ ਹੁਣ ਤੱਕ ਇਹ ‘ਕੁਆਲੀਫਿਕੇਸ਼ਨ ਪੇਅ’ ਚੱਲ ਰਹੀ ਸੀ ਜੋ ਕਿ ਹੁਣ ਅਚਾਨਕ ਪੀਜੀਆਈ ਪ੍ਰਸ਼ਾਸਨ ਨੇ ਇੱਕ ਨੋਟਿਸ ਕੱਢ ਕੇ ਬੰਦ ਕਰ ਦਿੱਤੀ ਹੈ ਜਦਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਸ ਨੂੰ ਬੰਦ ਕਰਨ ਸਬੰਧੀ ਕੋਈ ਨੋਟਿਸ ਜਾਂ ਹੁਕਮ ਜਾਰੀ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਪੀਜੀਆਈ ਵਿੱਚ ਨਰਸਿੰਗ ਸਟਾਫ ਦੀ ਕਮੀ ਨੂੰ ਪੂਰਾ ਕਰਨ, ਤਰੱਕੀਆਂ ਕਰਨ ਵਰਗੀਆਂ ਜਾਇਜ਼ ਮੰਗਾਂ ਵੱਲ ਤਾਂ ਮੈਨੇਜਮੈਂਟ ਦਾ ਕੋਈ ਧਿਆਨ ਨਹੀਂ ਹੈ ਅਤੇ ਹਰ ਵਾਰ ਕਲੈਰੀਕਲ ਸਟਾਫ ਘੱਟ ਹੋਣ ਦਾ ਬਹਾਨਾ ਬਣਾ ਕੇ ਇਨ੍ਹਾਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ ਪਰ ਨਰਸਿੰਗ ਸਟਾਫ ਖ਼ਿਲਾਫ਼ ਨੋਟਿਸ ਕੱਢਣ ਲਈ ਮੈਨੇਜਮੈਂਟ ਕੋਲ ਸਟਾਫ ਪੂਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੀਆਂ ਨਰਸਿੰਗ ਸਟਾਫ ਵਿਰੋਧੀ ਨੀਤੀਆਂ ਨੂੰ ਹਰਗਿਜ਼ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਹ ਡਾਇਰੈਕਟਰ ਦਫ਼ਤਰ ਅੱਗੇ ਰੋਜ਼ਾਨਾ ਰੋਸ ਪ੍ਰਦਰਸ਼ਨ 30 ਸਤੰਬਰ ਤੱਕ ਜਾਰੀ ਰਹੇਗਾ। ਜੇਕਰ ਫਿਰ ਵੀ ‘ਕੁਆਲੀਫਿਕੇਸ਼ਨ ਪੇਅ’ ਜਾਰੀ ਨਾ ਕੀਤੀ ਗਈ ਤਾਂ ਐਸੋਸੀਏਸ਼ਨ ਵੱਲੋਂ ਹੜਤਾਲ ਕਰਨ ਸਮੇਤ ਹੋਰ ਢੰਗਾਂ ਨਾਲ ਵੀ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ।