ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ; ਗ਼ਮਾਡਾ ਦੀਆਂ ਟੀਮਾਂ ਨੂੰ ਅਸਹਿਮਤੀ ਪੱਤਰ ਦੇਣ ਲੱਗੇ ਕਿਸਾਨ

ਸੈਕਟਰ 87 ਦੇ ਖੇਵਟਦਾਰਾਂ ਨੇ ਨਵੀਂ ਨੀਤੀ ਦੇ ਵਿਰੋਧ ਵਿਚ ਬਣਾਈ ਪੰਜ ਮੈਂਬਰੀ ਕਮੇਟੀ; ਦੁਰਾਲੀ ਪਿੰਡ ਦੀ ਪੰਚਾਇਤ ਅਤੇ ਕਿਸਾਨਾਂ ਨੇ ਗ਼ਮਾਡਾ ਟੀਮ ਨੂੰ ਦਿੱਤੀ ਲਿਖਤੀ ਨਾਂਹ
Advertisement

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ (ਮੁਹਾਲੀ), 10 ਜੁਲਾਈ

Advertisement

ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਦਿਨੋ-ਦਿਨ ਵਧ ਰਿਹਾ ਹੈ। ਗਮਾਡਾ ਦੇ ਜ਼ਮੀਨ ਪ੍ਰਾਪਤੀ ਕੁਲੈਕਟਰ ਵੱਲੋਂ ਕਿਸਾਨਾਂ ਨੂੰ ਨਵੀ ਨੀਤੀ ਬਾਰੇ ਜਾਣਕਾਰੀ ਦੇਣ ਲਈ ਭੇਜੀਆਂ ਜਾ ਰਹੀਆਂ ਟੀਮਾਂ ਨੂੰ ਲੋਕੀਂ ਮੂੰਹ ਨਹੀਂ ਲਗਾ ਰਹੇ। ਟੀਮਾਂ ਨੂੰ ਇਕੱਠ ਦੀ ਵੀਡੀਓਗ੍ਰਾਫ਼ੀ ਵੀ ਨਹੀਂ ਕਰਨ ਦਿੱਤੀ ਜਾ ਰਹੀ। ਪਿੰਡਾਂ ਦੀਆਂ ਪੰਚਾਇਤਾਂ ਅਤੇ ਪ੍ਰਭਾਵਿਤ ਕਿਸਾਨ ਲਿਖਤੀ ਅਸਹਿਮਤੀ ਦਰਜ ਕਰਵਾ ਰਹੇ ਹਨ।

ਪਿੰਡ ਦੁਰਾਲੀ ਵਿਖੇ ਪਹੁੰਚੀ ਗ਼ਮਾਡਾ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਨਵੀਂ ਨੀਤੀ ਤਹਿਤ ਜ਼ਮੀਨ ਦੇਣ ਤੋਂ ਨਾਂਹ ਕਰ ਦਿੱਤੀ। ਮਲਕੀਤ ਸਿੰਘ ਸਰਪੰਚ, ਬਹਾਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਲਾਲੀ, ਭਿੰਦਰ ਬੈਦਵਾਣ, ਸੋਹਣ ਸਿੰਘ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ, ਸਤਨਾਮ ਸਿੰਘ ਪੰਚ, ਸਤਵਿੰਦਰ ਸਿੰਘ ਪੰਚ ਨੇ ਲਿਖ਼ਤੀ ਅਸਹਿਮਤੀ ਦਾ ਪੱਤਰ ਟੀਮ ਨੂੰ ਸੌਂਪਿਆ ਅਤੇ ਕਿਹਾ ਕਿ ਉਹ ਆਪਣੀ ਇੱਕ ਇੰਚ ਜ਼ਮੀਨ ਵੀ ਗ਼ਮਾਡਾ ਨੂੰ ਨਹੀਂ ਦੇਣਗੇ।

ਇਸੇ ਤਰ੍ਹਾਂ ਸੈਕਟਰ 87 ਵਿਚ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਖੇਵਟਦਾਰ ਕਿਸਾਨਾਂ ਦਾ ਇਕੱਠ ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਉੱਤੇ ਹੋਇਆ। ਇੱਥੇ ਮੌਜੂਦ ਕਿਸਾਨਾਂ ਨੇ ਨਵੀਂ ਨੀਤੀ ਤਹਿਤ ਜ਼ਮੀਨ ਦੇਣ ਦਾ ਪੁਰਜ਼ੋਰ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੀਂ ਨੀਤੀ ਵਿਚ ਕਿਸਾਨਾਂ ਦੀ ਸਲਾਹ ਅਨੁਸਾਰ ਸੋਧ ਨਹੀਂ ਹੁੰਦੀ, ਉਹ ਜ਼ਮੀਨ ਨਹੀਂ ਦੇਣਗੇ।

ਇਸ ਮੌਕੇ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ, ਜਿਸ ਵਿੱਚ ਹਰਵਿੰਦਰ ਸਿੰਘ ਲੰਬਰਦਾਰ, ਅਜਮੇਰ ਸਿੰਘ, ਨਰਿੰਦਰ ਸਿੰਘ ਨਿੰਦੀ, ਜਸਪ੍ਰੀਤ ਸਿੰਘ ਸੋਨੂ ਅਤੇ ਗੁਰਪ੍ਰੀਤ ਸਿੰਘ ਨਾਨੂੰਮਾਜਰਾ ਨੂੰ ਸ਼ਾਮਲ ਕੀਤਾ ਗਿਆ। ਕਿਸਾਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਗ਼ਮਾਡਾ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

ਨਵੀਂ ਲੈਂਡ ਪੂਲਿੰਗ ਰਾਹੀਂ ਲੋਕਾਂ ਦੀ ਲੁੱਟ ਨਹੀਂ ਹੋਣ ਦਿਆਂਗੇ: ਸੋਹਾਣਾ

ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਆਖਿਆ ਕਿ ਨਵੀਂ ਲੈਂਡ ਪੂਲਿੰਗ ਨੀਤੀ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਅੱਠ ਹਜ਼ਾਰ ਕਿਸਾਨਾਂ ਵਿਚੋਂ ਸਿਰਫ਼ 15 ਜ਼ਮੀਨ ਮਾਲਕਾਂ(ਜਿਨ੍ਹਾਂ ਵਿੱਚੋਂ ਕਿਸਾਨ ਨਾਮਾਤਰ ਹਨ) ਨੇ ਗ਼ਮਾਡਾ ਨੂੰ ਸਹਿਮਤੀ ਦਿੱਤੀ ਹੈ ਅਤੇ ਬਾਕੀ ਸਾਰੇ ਅਸਹਿਮਤੀ ਦਰਜ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਵੇਗਾ ਅਤੇ ਹਲਕੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਨਵੀਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਆਰ-ਪਾਰ ਦੀ ਲੜਾਈ ਲੜੇਗਾ।

Advertisement