ਝੋਨੇ ਦੀ ਖ਼ਰੀਦ ’ਚ ਬੇਨੇਮੀਆਂ ਖ਼ਿਲਾਫ਼ ਮੁਜ਼ਾਹਰਾ
ਬੀ ਕੇ ਯੂ ਚੜੂਨੀ ਗਰੁੱਪ ਨੇ ਪੰਚਕੂਲਾ ’ਚ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੰਗ ਪੱਤਰ ਦਿੱਤਾ; ਕਾਰਵਾਈ ਮੰਗੀ
ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਨੇ ਅੱਜ ਪੰਚਕੂਲਾ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਹਰਿਆਣਾ ਵਿੱਚ ਝੋਨੇ ਦੀ ਖ਼ਰੀਦ ਵਿੱਚ ਹੋ ਰਹੀਆਂ ਬੇਨੇਮੀਆਂ ਖ਼ਿਲਾਫ਼ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਪੰਚਕੂਲਾ ਦੇ ਏ ਡੀ ਸੀ ਨੂੰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਸਨ। ਇਹ ਪ੍ਰਦਰਸ਼ਨ ਡੀ ਸੀ ਦਫਤਰ ਦੇ ਬਾਹਰ ਕੀਤਾ ਗਿਆ। ਇਸ ਮੌਕੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਨੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਪ੍ਰਦਰਸ਼ਨ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘ਮੇਰੀ ਫਸਲ ਮੇਰਾ ਬਿਓਰਾ’ ਪੋਰਟਲ ’ਤੇ ਹੋ ਰਹੀਆਂ ਬੇਨੇਮੀਆਂ ਅਤੇ ਭ੍ਰਿਸ਼ਟਾਚਾਰ ਵਿਖਾਈ ਦੇ ਰਿਹਾ ਹੈ। ਇਸ ਬਾਰੇ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਥਿਤ ਭ੍ਰਿਸ਼ਟ ਅਧਿਕਾਰੀ ਕਿਸਾਨਾਂ ਦੇ ਨਾਂ ’ਤੇ ਘੁਟਾਲੇ ਕਰ ਰਹੇ ਹਨ ਅਤੇ ਆਪਣਾ ਕਾਲਾ ਧਨ ਸਫੇ਼ਦ ਕਰ ਰਹੇ ਹਨ। ਇਸ ਤਰ੍ਹਾਂ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਘੁਟਾਲੇ ਦੀ ਜਾਂਚ ਤੁਰੰਤ ਸੀਬੀ ਆਈ ਤੋਂ ਕਰਵਾਈ ਜਾਵੇ। ਸ੍ਰੀ ਚੜੂਨੀ ਨੇ ਕਿਹਾ ਕਿ ਇਸ ਕਥਿਤ ਘੁਟਾਲੇ ਜਿਸ ’ਚ ਰਾਈਸ ਮਿੱਲਾਂ ਵੀ ਸ਼ਾਮਲ ਹਨ, ਨਾਲ ਸਬੰਧਤ ਰਿਕਾਰਡ ਤੁਰੰਤ ਜ਼ਬਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਈ ਰਾਈਸ ਮਿੱਲਾਂ ਵਾਲਿਆਂ ਨਾਲ ਮਿਲੀਭੁਗਤ ਕਰਕੇ ਅਫਸਰ ਭ੍ਰਿਸ਼ਟਾਚਾਰ ਕਰਦੇ ਹਨ। ਇਸ ਮੌਕੇ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਮੇਰੀ ਫਸਲ ਮੇਰਾ ਬਿਓਰਾ ਪੋਰਟਲ ਦੇ ਕੰਮ ਵਿੱਚ ਝੋਨੇ ਦੀਆਂ ਖਰੀਦ ਏਜੰਸੀਆਂ ਤੇ ਵੀ ਘੁਟਾਲੇ ਦੇ ਸ਼ੱਕ ਦੀ ਸੂਈ ਜਾਂਦੀ ਹੈ। ਇਸ ਪ੍ਰਦਰਸ਼ਨ ਕਾਰਨ ਡੀ ਸੀ ਦਫਤਰ ਦੇ ਬਾਹਰ ਇੱਕ ਘੰਟੇ ਤੱਕ ਲੋਕਾਂ ਦਾ ਆਉਣਾ ਜਾਣਾ ਬੰਦ ਰਿਹਾ।

