ਸਰਕਾਰੀ ਅਦਾਰਿਆਂ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਧਰਨਾ
ਕਮਿਊਨਿਸਟ ਪਾਰਟੀਆਂ ਦੇ ਕਾਰਕੁਨਾਂ ਨੇ ਤਹਿਸੀਲ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ
ਸਰਕਾਰੀ ਅਦਾਰਿਆਂ ਵਿੱਚ ਵੱਡੇ ਪੱਧਰ ਤੇ ਫੈਲੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਅੱਜ ਨੰਗਲ ਦੇ ਤਹਿਸੀਲ ਕੰਪਲੈਕਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ ਪੀ ਆਈ-ਐੱਮ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਬੰਦ ਕੀਤੀ ਜਾਵੇ।
ਸੀ ਪੀ ਆਈ (ਐੱਮ) ਦੇ ਸਕੱਤਰੇਤ ਮੈਂਬਰ ਸੁਰਜੀਤ ਸਿੰਘ ਢੇਰ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਨੰਗਲੀ, ਸਕੱਤਰ ਸ਼ਤਨਾਮ ਸਿੰਘ ਸ਼ੇਰਾ ਨੇ ਕਿਹਾ ਕਿ ਨੰਗਲ ਅਤੇ ਆਨੰਦਪੁਰ ਤਹਿਸੀਲਾਂ ਵਿੱਚ ਲੋਕਾਂ ਨੂੰ ਨਿਤ ਦੇ ਕੰਮਾਂ ਪ੍ਰਤੀ ਵੱਡੀ ਪੱਧਰ ’ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਲਾਕੇ ਵਿੱਚ ਹੁੰਦੇ ਗ਼ੈਰਕਾਨੂੰਨੀ ਖਣਨ ਸਾਰੀਆਂ ਹੱਦਾਂ ਪਾਰ ਕਰਕੇ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਸਰਕਾਰ ਦੇ ਕੰਨਾਂ ਦੇ ਜੂੰਅ ਨਹੀਂ ਸਰਕ ਰਹੀ। ਥਾਣਿਆਂ ਵਿੱਚ ਆਮ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਨਗਰ ਕੌਂਸਲ ਨੰਗਲ ਦੀਆਂ ਵਾਧੂ ਜ਼ਮੀਨਾਂ ਤੇ ਵੱਡੇ ਪੱੱਧਰ ਦੇ ਕਬਜ਼ੇ ਕਰਨ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਆਗੂਆਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਇਹ ਸੰਕੇਤਕ ਧਰਨਾ ਹੈ ਜੇ ਇਸ ਤੋਂ ਬਾਅਦ ਆਮ ਲੋਕਾਂ ਨੂੰ ਕਿਸੇ ਵੀ ਅਦਾਰੇ ਵਿੱਚ ਖੱਜਲ ਖੁਆਰ ਹੋਣਾ ਪਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਮੋਰਚਾ ਲਗਾਇਆ ਜਾਵੇਗਾ।
ਇਸ ਮੌਕੇ ਨਰਿੰਦਰ ਰਾਣਾ, ਨਿਰਮਲ ਸਿੰਘ ਪੱਟੀ, ਜੱਸਾ ਬਰਮਲਾ, ਹਰਜਾਪ ਸਿੰਘ ਬਡਿਆਲ, ਬਰਜਿੰਦਰ ਸਿੰਘ ਡੋਡ, ਪ੍ਰਿੰਸੀਪਲ ਕੁਲਵੰਤ ਸਿੰਘ ਪਾਠਕ, ਸੁਰਜੀਤ ਸਿੰਘ ਨੰਗਲ, ਤਰਸੇਮ ਸਿੰਘ ਸੁਖਸਾਲ, ਨਾਨਕ ਚੰਦ ਢਿੱਲੋਂ, ਰਾਜ ਕੁਮਾਰੀ ਸ਼ਕੰਤਲਾ ਦੇਵੀ ਹਾਜ਼ਰ ਸਨ।

