ਵੈਟਰਨ ਸਹਾਇਤਾ ਕੇਂਦਰ ਬੰਦ ਕਰਨ ਖ਼ਿਲਾਫ਼ ਰੋਸ
ਇਥੇ ਸਥਿਤ ਵੈਟਰਨ ਸਹਾਇਤਾ ਕੇਂਦਰ ਨੂੰ ਪਹਿਲੀ ਜਨਵਰੀ ਤੋਂ ਬੰਦ ਕਰਨ ਦੇ ਫੈ਼ਸਲੇ ’ਤੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਰੋਸ ਪ੍ਰਗਟਾਇਆ ਹੈ। ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ, ਮੁਹਾਲੀ ਦੇ ਪ੍ਰਧਾਨ ਸੇਵਾਮੁਕਤ ਲੈਫ਼ਟੀਨੈਂਟ ਕਰਨਲ ਐੱਸ ਐੰਸ ਸੋਹੀ ਨੇ ਸੈਨਾ ਦੇ ਪੱਛਮੀ ਕਮਾਂਡ ਮੁਖੀ ਚੰਡੀਮੰਦਰ ਨੂੰ ਪੱਤਰ ਭੇਜ ਕੇ ਕੇਂਦਰ ਨੂੰ ਬੰਦ ਨਾ ਕਰਨ ਦੀ ਬੇਨਤੀ ਕੀਤੀ ਹੈ।
ਫੇਜ਼ ਦਸ ਵਿਖੇ ਮੀਟਿੰਗ ਮਗਰੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁਹਾਲੀ ਦਾ ਵੈਟਰਨ ਸਹਾਇਤਾ ਕੇਂਦਰ ਸਾਬਕਾ ਸੈਨਿਕਾਂ, ਸ਼ਹੀਦਾਂ ਦੀਆਂ ਵਿਧਵਾਵਾਂ ਤੇ ਡਿਫੈਂਸ ਕਰਮਚਾਰੀਆਂ ਦੇ ਬੱਚਿਆਂ ਲਈ ਵੱਡਾ ਸਹਾਰਾ ਹੈ ਜਿੱਥੇ ਰੋਜ਼ਾਨਾ 50 ਤੋਂ 100 ਤੱਕ ਮਾਮਲਿਆਂ ਦਾ ਹੱਲ ਕੀਤਾ ਜਾਂਦਾ ਹੈ। ਇਥੇ ਤਾਇਨਾਤ ਜਵਾਨ ਤਜਰਬੇਕਾਰ, ਇਮਾਨਦਾਰੀ ਅਤੇ ਸਮਰਪਿਤ ਤਰੀਕੇ ਨਾਲ ਸੇਵਾ ਨਿਭਾਟ ਰਹੇ ਹਨ, ਜਿਸ ਨਾਲ ਬਜ਼ੁਰਗ ਸੈਨਿਕਾਂ ਅਤੇ ਪਰਿਵਾਰਾਂ ਦੀਆਂ ਮੁਸ਼ਕਲਾਂ ਤੁਰੰਤ ਸੁਣੀਆਂ ਤੇ ਨਿਪਟਾਈਆਂ ਜਾਂਦੀਆਂ ਹਨ। ਕਰੋਨਾ ਦੌਰਾਨ ਕੇਂਦਰ ਨੇ ਅੱਧੀ ਤਨਖਾਹ ’ਤੇ ਵੀ ਇਸ ਕੇਂਦਰ ਦੀ ਸੇਵਾ ਜਾਰੀ ਰੱਖੀ ਸੀ ਤਾਂ ਜੋ ਕਿਸੇ ਵੀ ਸਾਬਕਾ ਸੈਨਿਕ ਜਾਂ ਵਿਧਵਾ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕੇਂਦਰ ਦਾ ਚੱਲਦੇ ਰਹਿਣਾ ਬਹੁਤ ਜ਼ਰੂਰੀ ਹੈ ਜੋ ਮੁਸੀਬਤਾਂ ਦਾ ਸਾਹਮਣਾ ਕਰਦੇ ਪਰਿਵਾਰਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਤੋਂ ਬਚਾਉਂਦਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਕੇਂਦਰ ਸਭ ਤੋਂ ਸੁਵਿਧਾਜਨਕ ਅਤੇ ਕੇਂਦਰੀ ਸਥਾਨ ’ਤੇ ਸਥਿਤ ਹੈ, ਜੋ ਮੁਹਾਲੀ, ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਫੌਜੀ ਪਰਿਵਾਰਾਂ ਲਈ ਭਲਾਈ ਦਾ ਕੇਂਦਰ ਬਣ ਚੁੱਕਿਆ ਹੈ। ਇਸ ਨੂੰ ਬੰਦ ਕਰਨ ਦਾ ਫੈਸਲਾ ਸਾਬਕਾ ਸੈਨਿਕ ਪਰਿਵਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰੇਗਾ।
