ਪ੍ਰਾਪਰਟੀ ਟੈਕਸ ਨਾ ਭਰਨ ’ਤੇ ਜਾਇਦਾਦ ਸੀਲ ਹੋਵੇਗੀ
ਨਗਰ ਨਿਗਮ ਮੁਹਾਲੀ ਨੇ ਲੰਮੇ ਸਮੇਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੇ ਡਿਫਾਲਟਰਾਂ, ਖ਼ਾਸ ਕਰਕੇ ਵੱਡੀਆਂ ਵਪਾਰਕ ਅਤੇ ਉਦਯੋਗਿਕ ਇਕਾਈਆਂ ਖ਼ਿਲਾਫ਼ ਚੱਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਵਾਰ-ਵਾਰ ਨੋਟਿਸ ਅਤੇ ਲੋੜੀਂਦਾ ਮੌਕਾ ਦੇਣ ਦੇ ਬਾਵਜੂਦ...
ਨਗਰ ਨਿਗਮ ਮੁਹਾਲੀ ਨੇ ਲੰਮੇ ਸਮੇਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੇ ਡਿਫਾਲਟਰਾਂ, ਖ਼ਾਸ ਕਰਕੇ ਵੱਡੀਆਂ ਵਪਾਰਕ ਅਤੇ ਉਦਯੋਗਿਕ ਇਕਾਈਆਂ ਖ਼ਿਲਾਫ਼ ਚੱਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਵਾਰ-ਵਾਰ ਨੋਟਿਸ ਅਤੇ ਲੋੜੀਂਦਾ ਮੌਕਾ ਦੇਣ ਦੇ ਬਾਵਜੂਦ ਜਿਨ੍ਹਾਂ ਨੇ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ ਨਿਗਮ ਵੱਲੋਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਭਲਕੇ ਬੁੱਧਵਾਰ ਤੋਂ ਸੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਜਿਹੇ ਡਿਫ਼ਾਲਟਰਾਂ ਨੂੰ ਸੀਲਿੰਗ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਡਿਫਾਲਟਰਾਂ ਨੂੰ ਤਿੰਨ ਦਿਨਾਂ ਦੀ ਆਖ਼ਰੀ ਮਿਆਦ ਦਿੱਤੀ ਗਈ ਹੈ ਤਾਂ ਜੋ ਬਕਾਇਆ ਪ੍ਰਾਪਰਟੀ ਟੈਕਸ, ਜੁਰਮਾਨਾ ਅਤੇ ਵਿਆਜ ਸਮੇਤ ਜਮ੍ਹਾਂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 7 ਜਨਵਰੀ ਤੋਂ ਬਿਨਾਂ ਕੋਈ ਹੋਰ ਸੂਚਨਾ ਦਿੱਤਿਆਂ ਬਕਾਏਦਾਰਾਂ ਦੀਆਂ ਜਾਇਦਾਦਾਂ ਨੂੰ ਸੀਲ ਕੀਤਾ ਜਾਵੇਗਾ।
ਜੁਆਇੰਟ ਕਮਿਸ਼ਨਰ ਜਸਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਚਾਰ ਮਾਲਕਾਂ ਵੱਲੋਂ ਦਫ਼ਤਰ ਪਹੁੰਚ ਕੇ ਆਪਣੀਆਂ ਅਸੈਸਮੈਂਟਾਂ ਪੂਰੀਆਂ ਕਰਵਾਈਆਂ ਗਈਆਂ ਹਨ, ਜਦ ਕਿ ਤਿੰਨ ਜਣਿਆਂ ਵੱਲੋਂ ਲਗਪਗ 7 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਡਿਫਾਲਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਕਾਇਆ ਰਕਮ ਦੀ ਪੂਰੀ ਵਸੂਲੀ ਹੋਣ ਤੱਕ ਇਹ ਕਾਰਵਾਈ ਕਾਨੂੰਨ ਅਨੁਸਾਰ ਜਾਰੀ ਰਹੇਗੀ।
ਸੈਕਟਰ 70-71 ਤੇ ਮਟੌਰ ’ਚ ਪਾਣੀ ਦੀ ਨਿਕਾਸੀ ਲਈ ਪ੍ਰਾਜੈਕਟ ਮਨਜ਼ੂਰ: ਬੇਦੀ
ਮੁਹਾਲੀ ਦੇ ਸੈਕਟਰ 70, 71, ਮਟੌਰ, ਫੇਜ਼-7 ਅਤੇ ਫੇਜ਼-3 ਬੀ 2 ਦੇ ਵਸਨੀਕਾਂ ਲਈ ਬਰਸਾਤੀ ਅਤੇ ਪੰਪਾਂ ਦੇ ਪਾਣੀ ਦੀ ਸਾਲਾਂ ਪੁਰਾਣੀ ਸਮੱਸਿਆ ਦਾ ਸਥਾਈ ਹੱਲ ਨਿਕਲ ਆਇਆ ਹੈ। ਇਲਾਕੇ ਵਿੱਚ ਪਾਣੀ ਦੀ ਨਿਕਾਸੀ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਮਟੌਰ ਚੌਕ ਤੋਂ ਐਨ-ਚੌਕ ਤੱਕ ਵੱਡੀ ਡਾਇਮੀਟਰ ਦੀ ਪਾਈਪਲਾਈਨ ਪਾਈ ਜਾਵੇਗੀ। ਇਸ ਸਬੰਧੀ ਬਕਾਇਦਾ ਐਸਟੀਮੇਟ ਨੂੰ ਪ੍ਰਵਾਨਗੀ ਸਥਾਨਕ ਸਰਕਾਰ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ। ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਹੱਲ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਨ੍ਹਾਂ ਨੂੰ ਆਖਰ ਬੂਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਪਾਣੀ ਦਾ ਕੁਦਰਤੀ ਵਹਾਅ ਪਿੱਛੋਂ ਆਉਂਦਾ ਸੀ, ਜਦ ਕਿ ਅੱਗੇ ਸੜਕਾਂ ਉੱਚੀਆਂ ਹੋਣ ਕਾਰਨ ਨਿਕਾਸੀ ਰੁਕ ਜਾਂਦੀ ਸੀ। ਪੰਪਾਂ ਨਾਲ ਨੀਵੇਂ ਇਲਾਕਿਆਂ ਵਿੱਚੋਂ ਜੋਂ ਪਾਣੀ ਕੱਢਿਆ ਜਾਂਦਾ ਸੀ ਇਹ ਪਾਣੀ ਵੀ ਅੱਗੇ ਨਾ ਜਾ ਸਕਣ ਕਰਕੇ ਘਰਾਂ ਵਿੱਚ ਵੜ ਜਾਂਦਾ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਸੀ। ਸ੍ਰੀ ਬੇਦੀ ਨੇ ਕਿਹਾ ਕਿ ਇਸ ਸਕੀਮ ਤਹਿਤ ਵੱਡੀ ਪਾਈਪਲਾਈਨ ਰਾਹੀਂ ਕੁਦਰਤੀ ਵਹਾਅ ਦਾ ਪਾਣੀ ਵੀ ਨਿਕਲੇਗਾ ਅਤੇ ਪੰਪਾਂ ਨਾਲ ਚੁੱਕਿਆ ਜਾਂਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੂਰੇ ਇਲਾਕੇ ਦੇ ਲੋਕਾਂ ਲਈ ਰਾਹਤ ਲੈ ਕੇ ਆਵੇਗਾ ਅਤੇ ਸਾਰੇ ਇਲਾਕੇ ਦੇ ਵਸਨੀਕ ਚੈਨ ਦੀ ਨੀਂਦ ਸੌਂ ਸਕਣਗੇ। ਉਨ੍ਹਾਂ ਨਿਗਮ ਦੇ ਅਧਿਕਾਰੀਆਂ ਅਤੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਦਾ ਵਿਸ਼ੇਸ਼ ਧੰਨਵਾਦ ਕੀਤਾ।

