DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਰੱਕੀ ਜਾਂ ਸਜ਼ਾ: ਧੰਨਵਾਦ ਸਰਕਾਰੇ! ਮੇਰੇ ਕੋਲ ਵੀਲ੍ਹ ਚੇਅਰ ਹੈ..

ਅੰਗਹੀਣ ਮੁੱਖ ਅਧਿਆਪਕ ਨੂੰ 250 ਕਿਲੋਮੀਟਰ ਦੂਰ ਤਰਨ ਤਾਰਨ ਤਾਇਨਾਤ ਕਰਨ ’ਤੇ ਉੱਠੇ ਸਵਾਲ

  • fb
  • twitter
  • whatsapp
  • whatsapp
featured-img featured-img
ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਹਰਵਿੰਦਰ ਸਿੰਘ, ਫੋਟੋ: ਚਰਨਜੀਤ ਭੁੱਲਰ।
Advertisement

ਜਦੋਂ ਹਕੂਮਤ ਪੱਥਰ-ਦਿਲ ਹੋ ਜਾਵੇ ਤਾਂ ਵੀਲ੍ਹ ਚੇਅਰ ’ਤੇ ਬੈਠੇ ਇਨਸਾਨ ਦੀ ਪੀੜ ਵੀ ਮਹਿਸੂਸ ਨਹੀਂ ਹੁੰਦੀ। ਇੰਜ ਹੋਇਆ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਹਰਵਿੰਦਰ ਸਿੰਘ ਨਾਲ, ਜੋ ਬਚਪਨ ਉਮਰੇ ਹੀ ਪੋਲਿਓ ਦਾ ਸ਼ਿਕਾਰ ਹੋ ਗਿਆ ਸੀ। ਕੱਲ੍ਹ ਜਦੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਇਨਕਲਾਬੀ ਨਾਇਕ ਨੂੰ ਹਰ ਕੋਈ ਸਿਜਦਾ ਕਰ ਰਿਹਾ ਸੀ, ਤਾਂ ਠੀਕ ਉਸੇ ਦਿਨ ਅਪਾਹਜ ਹਰਵਿੰਦਰ ਸਿੰਘ ਨੂੰ ਵਿਭਾਗੀ ਤਰੱਕੀ ਦੇ ਲਿਖਤੀ ਹੁਕਮ ਮਿਲਦੇ ਹਨ।

ਸਿੱਖਿਆ ਵਿਭਾਗ ਪੰਜਾਬ ਨੇ ਬਤੌਰ ਅੰਗਰੇਜ਼ੀ ਅਧਿਆਪਕ ਤਰੱਕੀ ਦੇਣ ਉਪਰੰਤ ਹਰਵਿੰਦਰ ਸਿੰਘ ਦੀ ਤਾਇਨਾਤੀ ਘਰ ਤੋਂ ਕਰੀਬ 250 ਕਿਲੋਮੀਟਰ ਦੂਰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਸੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਕਰ ਦਿੱਤੀ ਹੈ। ਉਹ ਇਨ੍ਹਾਂ ਹੁਕਮਾਂ ਨੂੰ ਕੀ ਸਮਝੇ, ਤਰੱਕੀ ਜਾਂ ਸਜ਼ਾ! ਉਹ ਦਸ ਸਾਲ ਪਹਿਲਾਂ ਇਸ ਤਰੱਕੀ ਦੇ ਯੋਗ ਹੋ ਗਿਆ ਸੀ। ਜਦੋਂ ਉਸ ਨੂੰ ਤਰੱਕੀ ਦਾ ਪਤਾ ਲੱਗਿਆ ਤਾਂ ਉਸ ਦੇ ਚਿਹਰੇ ’ਤੇ ਖ਼ੁਸ਼ੀ ਛਾ ਗਈ, ਪ੍ਰੰਤੂ ਜਦੋਂ 250 ਕਿਲੋਮੀਟਰ ਦੂਰ ਤਾਇਨਾਤੀ ਦਾ ਫ਼ਰਲਾ ਦੇਖਿਆ ਤਾਂ ਉਸ ਦੀ ਖ਼ੁਸ਼ੀ ਹੰਝੂਆਂ ’ਚ ਬਦਲ ਗਈ।

Advertisement

ਹਰਵਿੰਦਰ ਸਿੰਘ ਨੂੰ ਇਹ ਹੁਕਮ ਪੀੜਾ ਦਾ ਪਰਵਾਨਾ ਜਾਪੇ। ਉਸ ਨੇ ਕਿਹਾ ਕਿ ‘ਧੰਨਵਾਦ ਸਰਕਾਰੇ! ਵਰ੍ਹਿਆਂ ਬਾਅਦ ਮਿਲੀ ‘ਇੰਗਲਿਸ਼ ਮਾਸਟਰ’ ਦੀ ਤਰੱਕੀ ’ਤੇ ਅਜਿਹਾ ਤੋਹਫ਼ਾ ਦਿੱਤਾ ਕਿ ਯਾਦਗਾਰ ਬਣ ਗਈ।’ ਉਸ ਨੇ ਕਿਹਾ ਕਿ ਘਰ ਤੋਂ 250 ਕਿਲੋਮੀਟਰ ਦੂਰ ਤਰਨ ਤਾਰਨ ਹੈ, ਸ਼ੁਕਰ ਹੈ ਮੇਰੇ ਕੋਲ ਵੀਲ੍ਹ ਚੇਅਰ ਹੈ, ਨਹੀਂ ਤਾਂ ਇੰਨੀ ਦੂਰੀ ’ਤੇ ਜਾਣਾ ਔਖਾ ਹੋ ਜਾਂਦਾ। ਸਰਕਾਰ ਦੀ ਇਸ ਦੂਰਅੰਦੇਸ਼ੀ ਨੀਤੀ ਨੂੰ ਸਲਾਮ।’ ਇਹ ਮਹਿਜ਼ ਸ਼ਬਦ ਨਹੀਂ, ਬਲਕਿ ਇੱਕ ਅਪਾਹਜ ਇਨਸਾਨ ਦੀ ਚੀਕ ਹੈ।

Advertisement

ਉਹ ਦੱਸਦਾ ਹੈ ਕਿ ਮਾਨਸਾ ਜ਼ਿਲ੍ਹੇ ਅਤੇ ਨੇੜਲੇ ਜ਼ਿਲ੍ਹਿਆਂ ’ਚ ਵੀ ਅੰਗਰੇਜ਼ੀ ਅਧਿਆਪਕਾਂ ਦੀ ਤਾਇਨਾਤੀ ਹੋਈ ਹੈ, ਪ੍ਰੰਤੂ ਉਸ ਦੇ ਇਹ ਸਮਝੋਂ ਬਾਹਰ ਹੈ ਕਿ ਉਸ ਨਾਲ ਹੀ ਕਿਉਂ ਇਹ ਮਜ਼ਾਕ ਕੀਤਾ ਗਿਆ ਹੈ। ਹਰਵਿੰਦਰ ਸਿੰਘ ਆਖਦਾ ਹੈ ਕਿ ਉਹ ਤਰੱਕੀ ਲੈਣ ਤੋਂ ਇਨਕਾਰ ਕਰਦਾ ਹੈ। ਇਹ ਤਾਇਨਾਤੀ ਦੇ ਹੁਕਮ ਉਸ ਲਈ ਮਾਨਸਿਕ ਤਸ਼ੱਦਦ ਵਾਂਗ ਹਨ। ਜਦੋਂ ਪੰਜਾਬ ਸਰਕਾਰ ਨੇ ਅਧਿਆਪਕ ਫ਼ਿਨਲੈਂਡ ਭੇਜੇ ਤਾਂ ਹਰਵਿੰਦਰ ਸਿੰਘ ਨੇ ਸਾਬਤ ਕੀਤਾ ਕਿ ਉਹ ਕਿਸੇ ਗੱਲੋਂ ਘੱਟ ਨਹੀਂ, ਉਹ ਫ਼ਿਨਲੈਂਡ ਤੋਂ ਸਿਖਲਾਈ ਲੈ ਕੇ ਵਾਪਸ ਪਰਤਿਆ।

ਹਰਵਿੰਦਰ ਸਿੰਘ ਆਖਦਾ ਹੈ ਕਿ ਜ਼ਿੰਦਗੀ ’ਚ ਹਰ ਚੁਣੌਤੀ ਕਬੂਲ ਕੀਤੀ, ਪ੍ਰੰਤੂ ਸਰਕਾਰ ਨੇ ਇਹ ਚੁਣੌਤੀ ਜਾਣ-ਬੁੱਝ ਕੇ ਦਿੱਤੀ ਹੈ। ਹਰਵਿੰਦਰ ਸਿੰਘ ਦੀ ਜ਼ਿੰਦਗੀ ਨੇ ਬਚਪਨ ਉਮਰੇ ਪ੍ਰੀਖਿਆ ਲਈ। ਉਹ ਹਰ ਚੁਣੌਤੀ ਨੂੰ ਟਿੱਚਰ ਕਰਕੇ ਲੰਘਿਆ। ਉਸ ਨੇ ਪੋਸਟ ਗ੍ਰੈਜੂਏਸ਼ਨ ਅਤੇ ਬੀ.ਐੱਡ. ਕੀਤੀ। ਉਨ੍ਹਾਂ ਦੇ ਪਿਤਾ ਇਕਬਾਲ ਸਿੰਘ ਟੇਲਰ ਮਾਸਟਰ ਹਨ, ਜੋ ਆਪਣੇ ਅਪਾਹਜ ਲੜਕੇ ਨੂੰ ਅਸਲੀ ਮਾਸਟਰ ਵਜੋਂ ਦੇਖਣਾ ਚਾਹੁੰਦੇ ਸਨ। ਪਿਤਾ ਦਾ ਥਾਪੜਾ ਤੇ ਖ਼ੁਦ ਦੀ ਹਿੰਮਤ, ਦੋਵਾਂ ਨੇ ਮਿਲ ਕੇ ਹਰਵਿੰਦਰ ਨੂੰ 2006 ’ਚ ਅਧਿਆਪਕ ਬਣਾ ਦਿੱਤਾ।

ਆਪਣੀ ਪੜ੍ਹਾਈ ਦੌਰਾਨ ਹਰਵਿੰਦਰ ਵੀਲ੍ਹ ਚੇਅਰ ਨਹੀਂ ਲੈ ਸਕਿਆ

ਵਿੱਤੀ ਵਸੀਲੇ ਹੀ ਨਹੀਂ ਸਨ, ਜਿਸ ਕਰਕੇ ਹਰਵਿੰਦਰ ਸਿੰਘ ਆਪਣੀ ਪੜ੍ਹਾਈ ਦੌਰਾਨ ਵੀਲ੍ਹ ਚੇਅਰ ਵੀ ਨਹੀਂ ਲੈ ਸਕਿਆ। ਉਸ ਨੂੰ ਨੌਕਰੀ ਉਪਰੰਤ ਪਹਿਲੀ ਤਨਖ਼ਾਹ ਮਿਲੀ ਤਾਂ ਉਸ ਨੇ ਵੀਲ੍ਹ ਚੇਅਰ ਲਈ। ਅਧਿਆਪਕ ਹਰਵਿੰਦਰ ਸਿੰਘ ਨੂੰ ਸੰਗੀਤ ਦੀ ਚੰਗੀ ਸਮਝ ਹੈ। ਉਹ ਦੱਸਦਾ ਹੈ ਕਿ ਪੰਜਾਬ ਸਰਕਾਰ ਦੀ ਬਕਾਇਦਾ ਇੱਕ ਪਾਲਿਸੀ ਹੈ ਕਿ ਅੰਗਹੀਣ ਮੁਲਾਜ਼ਮ ਨੂੰ ਘਰ ਤੋਂ ਦੂਰ ਤਾਇਨਾਤ ਨਹੀਂ ਕਰਨਾ। ਅਧਿਆਪਕ ਜਥੇਬੰਦੀਆਂ ਦੇ ਆਗੂ ਆਖਦੇ ਹਨ ਕਿ ਇਕੱਲਾ ਹਰਵਿੰਦਰ ਸਿੰਘ ਨਹੀਂ, ਬਲਕਿ ਹੋਰ ਵੀ ਕਿੰਨੇ ਅਪਾਹਜ ਮੁਲਾਜ਼ਮ ਹਨ ਜਿਨ੍ਹਾਂ ਨੂੰ ਦੂਰ-ਦੁਰਾਡੇ ਦੇ ਸਟੇਸ਼ਨਾਂ ’ਤੇ ਭੇਜ ਦਿੱਤਾ ਗਿਆ ਹੈ

Advertisement
×