Chandigarh Mayor election ਤਿਕੋਣੇ ਮੁਕਾਬਲੇ ਲਈ ਤਿਆਰੀਆਂ ਮੁਕੰਮਲ, ਭਲਕੇ ਹੋਵੇਗੀ ਵੋਟਿੰਗ
ਮੇਅਰ ਦੇ ਅਹੁਦੇ ਲਈ ਸੌਰਭ ਜੋਸ਼ੀ, ਯੋਗੇਸ਼ ਢੀਂਗਰਾ ਤੇ ਗੁਰਪ੍ਰੀਤ ਗਾਬੀ ਮੈਦਾਨ ਵਿਚ
ਚੰਡੀਗੜ੍ਹ ਦੇ ਨਵੇਂ ਮੇਅਰ ਦੀ ਚੋਣ ਤਿਕੋਣੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਹੁਣ ਤੱਕ ਕਿਸੇ ਵੀ ਉਮੀਦਵਾਰ ਨੇ ਅਹੁਦੇ ਤੋਂ ਨਾਮਜ਼ਦਗੀ ਵਾਪਸ ਨਹੀਂ ਲਈ ਹੈ। ਭਾਜਪਾ ਤੋਂ ਸੌਰਭ ਜੋਸ਼ੀ, ਕਾਂਗਰਸ ਤੋਂ ਗੁਰਪ੍ਰੀਤ ਸਿੰਘ ਗਾਬੀ ਅਤੇ ‘ਆਪ’ ਤੋਂ ਯੋਗੇਸ਼ ਢੀਂਗਰਾ ਮੇਅਰ ਅਹੁਦੇ ਦੀ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਜਸਮਨਪ੍ਰੀਤ ਸਿੰਘ, ਕਾਂਗਰਸ ਦੇ ਸਚਿਨ ਗਾਲਵ ਅਤੇ ‘ਆਪ’ ਦੇ ਮਨੁਆਰ ਖਾਨ ਮੈਦਾਨ ਵਿੱਚ ਹਨ।
ਡਿਪਟੀ ਮੇਅਰ ਦੀ ਪੋਸਟ ਲਈ ਭਾਜਪਾ ਤੋਂ ਸੁਮਨਾ ਸ਼ਰਮਾ, ਕਾਂਗਰਸ ਤੋਂ ਨਿਰਮਲਾ ਦੇਵੀ ਤੇ ਆਪ ਤੋਂ ਜਸਵਿੰਦਰ ਕੌਰ ਨੇ ਨਾਮਜ਼ਦਗੀ ਦਾਖ਼ਲ ਕੀਤੀ ਹੈ। ‘ਆਪ’ ਦੇ ਰਾਮਚੰਦਰ ਯਾਦਵ ਡਿਪਟੀ ਮੇਅਰ ਦੇ ਅਹੁਦੇ ਲਈ ਸੁਤੰਤਰ ਚੋਣ ਲੜ ਰਹੇ ਹਨ। ਦੋ ਕਾਂਗਰਸੀ ਕੌਂਸਲਰਾਂ ਨੇ ਯਾਦਵ ਦੇ ਨਾਮ ਦੀ ਤਜਵੀਜ਼ ਰੱਖੀ ਹੈ। ਮੇਅਰ ਦੀ ਚੋਣ ਜਿੱਤਣ ਲਈ ਕਿਸੇ ਵੀ ਪਾਰਟੀ ਨੂੰ 19 ਵੋਟਾਂ ਦੀ ਲੋੜ ਹੈ। ਦੋ ਕੌਂਸਲਰਾਂ ਦੇ ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਲ ਹੋਣ ਨਾਲ ਸਦਨ ਵਿਚ ਭਾਜਪਾ ਕੌਂਸਲਰਾਂ ਦੀ ਗਿਣਤੀ 18 ਨੂੰ ਪਹੁੰਚ ਗਈ ਹੈ। ਮੌਜੂਦਾ ਸਮੇਂ ਕਾਂਗਰਸ ਕੋਲ 6 ਕੌਂਸਲਰ ਤੇ ਆਪ ਕੋਲ 11 ਕੌਂਸਲਰ ਹਨ। ਚੰਡੀਗੜ੍ਹ ਤੋਂ ਸੰਸਦ ਮੈਂਬਰ ਦੀ ਇਕ ਵੋਟ ਹੈ। ਹੁਣ ਸੱਤਾਧਾਰੀ ਪਾਰਟੀ ਅਤੇ ਕਾਂਗਰਸ ਤੇ ਆਪ ਕੋਲ ਸਾਂਝੇ ਤੌਰ ’ਤੇ 18-18 ਵੋਟ ਹਨ।
ਜੇਕਰ ‘ਆਪ’ ਤੇ ਕਾਂਗਰਸ ਵੱਖ ਵੱਖ ਚੋਣ ਲੜਨ ਉੱਤੇ ਦ੍ਰਿੜ ਰਹਿੰਦੇ ਹਨ ਤਾਂ ਇਹ ਭਾਜਪਾ ਲਈ ਆਸਾਨ ਜਿੱਤ ਹੋਵੇਗੀ। ਜੇਕਰ ਉਹ ਇਕੱਠੇ ਲੜਨ ਦਾ ਫੈਸਲਾ ਕਰਦੇ ਹਨ ਤਾਂ ਚੋਣ ਦਿਲਚਸਪ ਹੋ ਜਾਵੇਗੀ। ਨਗਰ ਨਿਗਮ ਐਕਟ ਅਨੁਸਾਰ ਦੋ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਮਿਲਣ ’ਤੇ ਟਾਸ ਦੁਆਰਾ ਨਤੀਜਾ ਤੈਅ ਕਰਨ ਦਾ ਪ੍ਰਬੰਧ ਹੈ। ਇਸ ਵਾਰ ਮੇਅਰ ਦੀ ਚੋਣ ਹੱਥ ਦਿਖਾ ਕੇ ਹੋਵੇਗੀ।
ਪਿਛਲੀ ਵਾਰ ਇਹ ਚੋਣ ਗੁਪਤ ਵੋਟਿੰਗ ਰਾਹੀਂ ਹੋਈ ਸੀ ਤੇ ਨੇੜਲੇ ਮੁਕਾਬਲਿਆਂ ਵਿਚ ਕਰਾਸ ਵੋਟਿੰਗ ਦੀ ਅਹਿਮ ਭੂਮਿਕਾ ਸੀ। ਮੇਅਰ ਦੀ ਚੋਣ ਲਈ ਹੁਣ ਸਿਰਫ਼ ਕੁਝ ਘੰਟੇ ਬਾਕੀ ਹਨ। ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ, ਹੁਣ ਤੱਕ ਚੋਟੀ ਦੇ ਅਹੁਦਿਆਂ ਲਈ ਲੜਾਈ ਇੱਕ ਦਿਲਚਸਪ ਮੋੜ ’ਤੇ ਪਹੁੰਚ ਗਈ ਹੈ। ਭਾਜਪਾ ਕੋਈ ਵੀ ਜੋਖਮ ਨਾ ਲੈਂਦੇ ਹੋਏ ਆਪਣੇ ਸਾਰੇ ਕੌਂਸਲਰਾਂ ਨੂੰ ਸ਼ਹਿਰ ਤੋਂ ਬਾਹਰ ਲੈ ਗਈ ਹੈ। ਸਾਰੇ ਭਾਜਪਾ ਕੌਂਸਲਰ ਇਸ ਵੇਲੇ ਪੰਚਕੂਲਾ ਵਿੱਚ ਹਨ ਤੇ ਭਲਕੇ ਚੋਣ ਵਿੱਚ ਹਿੱਸਾ ਲੈਣ ਲਈ ਸਿੱਧੇ ਨਗਰ ਨਿਗਮ ਦਫ਼ਤਰ ਆਉਣਗੇ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੇ ਕਿਹਾ ਕਿ ਕਾਂਗਰਸ ਪ੍ਰਤੀਕਾਤਮਕ ਲੜਾਈ ਲਈ ਚੋਣ ਲੜੇਗੀ। ਉਨ੍ਹਾਂ ਦਾ ਮੁੱਖ ਉਦੇਸ਼ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਹੈ। ਚੰਡੀਗੜ੍ਹ ‘ਆਪ’ ਦੇ ਪ੍ਰਧਾਨ ਵਿਜੈ ਪਾਲ ਸਿੰਘ ਨੇ ਕਿਹਾ ਕਿ 'ਆਪ' ਤਿੰਨੋਂ ਅਹੁਦਿਆਂ ’ਤੇ ਲੜੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ 'ਆਪ' ਮੇਅਰ ਦੀ ਚੋਣ ਵਿੱਚ ਸਾਰੇ ਅਹੁਦੇ ਜਿੱਤੇਗੀ। ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਭਾਜਪਾ ਤਿੰਨੋਂ ਅਹੁਦਿਆਂ ’ਤੇ ਜਿੱਤ ਪ੍ਰਾਪਤ ਕਰੇਗੀ।
ਮੇਅਰ ਦੀ ਚੋਣ ਲਈ ਹੋਣ ਵਾਲੀ ਮੀਟਿੰਗ ਲਈ ਨਾਮਜ਼ਦ ਕੌਂਸਲਰ ਡਾ. ਰਮਣੀਕ ਸਿੰਘ ਬੇਦੀ ਨੂੰ ਪ੍ਰੀਜ਼ਾਈਡਿੰਗ ਅਥਾਰਟੀ ਨਿਯੁਕਤ ਕੀਤਾ ਗਿਆ ਹੈ। ਚੋਣ ਪ੍ਰਕਿਰਿਆ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਂਸਲਰ ਆਪਣੀ ਪਸੰਦ ਦਾ ਐਲਾਨ ਕਰਨ ਲਈ ਹੱਥ ਚੁੱਕਣਗੇ, ਵੋਟਾਂ ਦੀ ਗਿਣਤੀ ਵਿਜ਼ੂਅਲ ਤਸਦੀਕ ਅਤੇ ਜ਼ੁਬਾਨੀ ਪੁਸ਼ਟੀ ਰਾਹੀਂ ਕੀਤੀ ਜਾਵੇਗੀ, ਅਤੇ ਕਿਸੇ ਵੀ ਵਿਵਾਦ ਤੋਂ ਬਚਣ ਲਈ ਮੀਟਿੰਗ ਦੇ ਮਿਨਟਸ ਵਿੱਚ ਰਿਕਾਰਡਿੰਗ ਸਮੇਤ ਸਹੀ ਦਸਤਾਵੇਜ਼ ਯਕੀਨੀ ਬਣਾਏ ਜਾਣਗੇ।

