ਪੀ ਪੀ ਵਰਮਾ
ਪੰਚਕੂਲਾ, 18 ਜਨਵਰੀ
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਨਾਢਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਮਾਜਰੀ ਚੌਕ ਤੋਂ ਹੁੰਦਾ ਹੋਇਆ ਸੈਕਟਰ-2, 4, 11, 12, 15, 9, 8 ਅਤੇ 7 ਤੋਂ ਵਾਪਸ ਗੁਰਦੁਆਰਾ ਨਾਢਾ ਸਾਹਿਬ ਪਹੁੰਚਿਆ। ਇਸ ਦੌਰਾਨ ਸਿੱਖ ਨੌਜਵਾਨਾਂ ਨੇ ਗਤਕੇ ਦੇ ਜੌਹਰ ਵਿਖਾਏ। ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਜਾਗੀਰ ਸਿੰਘ ਨੇ ਦੱਸਿਆ ਕਿ 20 ਜਨਵਰੀ ਨੂੰ ਗੁਰਦੁਆਰਾ ਨਾਢਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਅੱਜ ਸਵੇਰੇ 10 ਵਜੇ ਅਖੰਡ ਪਾਠ ਸ਼ੁਰੂ ਹੋਇਆ। ਉਨ੍ਹਾਂ ਦੱਸਿਆ ਕਿ 20 ਜਨਵਰੀ ਨੂੰ ਅਖੰਡ ਪਾਠ ਦੇ ਭੋਗ ਪੈਣਗੇ ਤੇ ਇਸੇ ਦਿਨ ਹੀ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ।
ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-1 ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਇਸ ਨਗਰ ਕੀਰਤਨ ਵਿੱਚ ਤਿੰਨ ਸਿਆਸੀ ਕੱਟੜ ਵਿਰੋਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਮਰਥਕਾਂ ਸਮੇਤ ਹਾਜ਼ਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-1 ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਮਾਰਕੀਟਾਂ ’ਚੋਂ ਹੁੰਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਵਿਖੇ ਪਹੁੰਚ ਕੇ ਸੰਪੂਰਨ ਹੋਇਆ ਜਿੱਥੇ ਸੰਗਤ ਨੇ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਰਸਤੇ ਵਿੱਚ ਥਾਂ ਥਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਚਾਹ, ਬਰੈੱਡ ਪਕੌੜਿਆਂ ਅਤੇ ਸੁੱਕੇ ਮੇਵਿਆਂ ਦਾ ਲੰਗਰ ਵਰਤਾਇਆ ਗਿਆ।
ਲਾਲੜੂ (ਸਰਬਜੀਤ ਸਿੰਘ ਭੱਟੀ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਅੱਜ ਪਿੰਡ ਜੜੌਤ, ਲੈਹਲੀ, ਹਸਨਪੁਰ, ਜਲਾਲਪੁਰ, ਬੈਰਮਾਜਰਾ ਅਤੇ ਦੱਪਰ ਵਿੱਚ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਨੇ ਦੱਸਿਆ ਕਿ ਨਗਰ ਕੀਰਤਨ ਲੈਹਲੀ ਤੋਂ ਸ਼ੁਰੂ ਹੋ ਕੇ ਹਸਨਪੁਰ, ਜਲਾਲਪੁਰ, ਬੈਰਮਾਜਰਾ ਤੇ ਦੱਪਰ ਟੌਲ ਪਲਾਜ਼ਾ ਤੋਂ ਹੁੰਦਾ ਹੋਇਆ ਪਿੰਡ ਲੈਹਲੀ ਦੇ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਪਿੰਡ ਜੜੌਤ ਵਿੱਚ ਵੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਰੂਪਨਗਰ (ਬਹਾਦਰਜੀਤ ਸਿੰਘ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਬੰਧੀ ਖ਼ਾਲਸਾ ਪ੍ਰਚਾਰ ਕਮੇਟੀ ਕੋਟਲਾ ਨਿਹੰਗ ਅਤੇ ਘਾੜ ਇਲਾਕੇ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਤਪ ਅਸਥਾਨ ਬੀਬੀ ਮੁਮਤਾਜ ਜੀ ਬੜੀ (ਪੁਰਖਾਲੀ) ਤੱਕ 16ਵਾਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਗਿਆ। ਨਗਰ ਕੀਰਤਨ ਪਿੰਡ ਟੱਪਰੀਆਂ ਕੋਟਲਾ, ਗਰੇਵਾਲ, ਅਕਬਰਪੁਰ ਮਗਰੋੜ, ਭੱਦਲ, ਪੁਰਖਾਲੀ ਹੁੰਦਾ ਹੋਇਆ ਗੁਰਦੁਆਰਾ ਬੀਬੀ ਮੁਮਤਾਜ ਜੀ ਬੜੀ ਪੁਰਖਾਲੀ ਪੁੱਜ ਕੇ ਸਮਾਪਤ ਹੋਇਆ।
ਨੰਗਲ (ਰਾਕੇਸ਼ ਸੈਣੀ): ਗੁਰਦੁਆਰਾ ਸ੍ਰੀ ਘਾਟ ਸਾਹਿਬ ਨੰਗਲ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪੁਰਾਣਾ ਗੁਰਦੁਆਰਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਗਿਆ ਜੋ ਵੱਖ ਵੱਖ ਬਜ਼ਾਰਾਂ ਤੇ ਮੇਨ ਮਾਰਕੀਟ ਤੋਂ ਹੋ ਕੇ ਅੱਡਾ ਮਾਰਕੀਟ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਘਾਟ ਸਾਹਿਬ ਵਿਖੇ ਸਮਾਪਤ ਹੋਇਆ।