ਪੱਤਰ ਪ੍ਰੇਰਕ
ਚੰਡੀਗੜ੍ਹ, 4 ਮਾਰਚ
ਠੇਕਾ ਮੁਲਾਜ਼ਮਾਂ ਲਈ ਸੁਰੱਖਿਅਤ ਪਾਲਿਸੀ ਦੀ ਮੰਗ ਨੂੰ ਲੈ ਕੇ ਅਤੇ ਪ੍ਰਾਈਵੇਟ ਆਊਟਸੋਰਸਿੰਗ ਕੰਪਨੀ ਦੇ ਠੇਕੇਦਾਰਾਂ ਵਿਰੁੱਧ ਕੀਤੀਆਂ ਸ਼ਿਕਾਇਤਾਂ ਉਤੇ ਕਾਰਵਾਈ ਨਾ ਹੋਣ ਕਰਕੇ ਬਿਜਲੀ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਅਤੇ ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਸੱਦੇ ’ਤੇ ਅੱਜ ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਸੁਨੀਲ ਕੁਮਾਰ 24 ਘੰਟੇ ਦੀ ਭੁੱਖ ਹੜਤਾਲ ’ਤੇ ਬੈਠੇ। ਮੈਂਟੇਨੈਂਸ ਬੂਥ ਸੈਕਟਰ 16 ਚੰਡੀਗੜ੍ਹ ਵਿੱਚ ਇਹ ਭੁੱਖ ਹੜਤਾਲ 24 ਘੰਟੇ ਜਾਰੀ ਰਹੇਗੀ, ਜਿਸ ਦੇ ਅੱਜ ਪਹਿਲੇ ਦਿਨ ਯੂਨੀਅਨ ਆਗੂਆਂ ਨੇ ਕਿਹਾ ਕਿ ਆਊਟਸੋਰਸਿੰਗ ਵਾਲੀ ਕੰਪਨੀ ਵੱਲੋਂ ਠੇਕਾ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਵਾਰ-ਵਾਰ ਰੋਸ ਪ੍ਰਦਰਸ਼ਨ ਕਰਨ ਅਤੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਅਤੇ ਕੰਪਨੀ ਵੱਲੋਂ ਵਰਕਰਾਂ ਨਾਲ ਧੱਕੇਸ਼ਾਹੀਆਂ ਦਾ ਦੌਰ ਜਾਰੀ ਹੈ।
ਐਸਏਐਸ ਨਗਰ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਅਤੇ ਝੂਠੇ ਲਾਰਿਆਂ ਤੋਂ ਅੱਕੇ ਮੁਲਾਜ਼ਮ ਅਤੇ ਪੈਨਸ਼ਨਰ ਹੁਣ ਸੜਕਾਂ ’ਤੇ ਉਤਰ ਆਏ ਹਨ। ਕਾਂਗਰਸ ਸਰਕਾਰ ਦੇ 4 ਸਾਲ ਬੀਤ ਜਾਣ ਦੇ ਬਾਵਜੂਦ ਹੁਕਮਰਾਨਾਂ ਨੇ ਮੁਲਾਜ਼ਮ ਵਰਗ ਦੀ ਬਾਂਹ ਨਹੀਂ ਫੜੀ। ਪੰਜਾਬ ਦੇ ਬਜਟ ਸੈਸ਼ਨ ਦੌਰਾਨ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਸਿੱਖਿਆ ਬੋਰਡ ਦੇ ਬਾਹਰ ਲਾਲ ਬੱਤੀ ਚੌਕ ਨੇੜੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵੀਰਵਾਰ ਨੂੰ ਤੀਜੇ ਦਿਨ ’ਚ ਦਾਖ਼ਲ ਹੋ ਗਈ। ਮੁਲਾਜ਼ਮਾਂ ਨੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਅੱਜ ਭੁੱਖ ਹੜਤਾਲ ਜਥੇ ਦੀ ਅਗਵਾਈ ਜ਼ਿਲ੍ਹਾ ਮੁਹਾਲੀ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਸਿੰਘ ਤੇ ਫੈਡਰੇਸ਼ਨ ਦੇ ਆਗੂ ਤਰਸੇਮ ਲਾਲ, ਜ਼ਿਲ੍ਹਾ ਮੁਹਾਲੀ ਦਰਜਾ-4 ਦੇ ਪ੍ਰਧਾਨ ਪ੍ਰੇਮ ਚੰਦ ਸ਼ਰਮਾ ਅਤੇ ਯੂਟੀ ਪੰਜਾਬ ਸਾਂਝੀ ਐਕਸ਼ਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੱਤ ਪ੍ਰਕਾਸ਼ ਸ਼ਰਮਾ ਨੇ ਕੀਤੀ। ਉਨ੍ਹਾਂ ਕਿਹਾ ਕਿ ਜੇਕਰ 8 ਮਾਰਚ ਨੂੰ ਬਜਟ ਸੈਸ਼ਨ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ, ਮੁੱਖ ਮੰਤਰੀ ਤੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।
ਰੂਪਨਗਰ (ਬਹਾਦਰਜੀਤ ਸਿੰਘ): ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਰੂਪਨਗਰ ਵੱਲੋਂ ਪੰਜਾਬ ਸਰਕਾਰ ਵਿਰੁੱਧ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫ਼ਤਰ ਦੇ ਸਾਹਮਣੇ ਅੱਜ ਦੂਜੇ ਦਿਨ ਵੀ ਭੁੱਖ ਹੜਤਾਲ ਰੱਖੀ ਗਈ। ਭੁੱਖ ਹੜਤਾਲ ਮੌਕੇ ਦਿੱਤੇ ਧਰਨੇ ਨੂੰ ਮਾਸਟਰ ਅਮਰੀਕ ਸਿੰਘ, ਮਾਸਟਰ ਅਵਤਾਰ ਸਿੰਘ, ਨਸੀਬ ਸਿੰਘ, ਗੁਰਨਾਮ ਸਿੰਘ, ਵਿਜੈ ਲਕਸ਼ਮੀ, ਸੁਖਦੇਵ ਸਿੰਘ, ਬੀਐੱਸ ਸੈਣੀ, ਜਗਦੀਸ਼ ਲਾਲ, ਜਗਤਾਰ ਸਿੰਘ, ਮੋਹਣ ਸਿੰਘ ਤੇ ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਤਨਖ਼ਾਹ/ਪੈਨਸ਼ਨ ਪਹਿਲੀ ਜਨਵਰੀ 2016 ਤੋਂ ਸੋਧੀ ਜਾਵੇ, ਡੀਏ ਦੀਆਂ ਕਿਸ਼ਤਾਂ ਤੇ ਬਕਾਇਆ ਦਿੱਤਾ ਜਾਵੇ, ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇ, ਨਵੀਂ ਭਰਤੀ ਸ਼ੁਰੂ ਕੀਤੀ ਜਾਵੇ, ਸਰਕਾਰੀ ਅਦਾਰੇ ਬੰਦ ਨਾ ਕੀਤੇ ਜਾਣ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੀ ਵੀ ਰੋਸ ਧਰਨੇ ਦੌਰਾਨ ਹਮਾਇਤ ਕੀਤੀ ਗਈ। ਇਹ ਭੁੱਖ ਹੜਤਾਲ 10 ਮਾਰਚ ਤੱਕ ਜਾਰੀ ਰਹੇਗੀ।