ਜੁਝਾਰ ਨਗਰ ਵਿੱਚ ਬਿਜਲੀ ਕੱਟਾਂ ਨੇ ਸੁੱਕਣੇ ਪਾਏ ਲੋਕ
ਬੜਮਾਜਰਾ ਦੇ ਜੁਝਾਰ ਨਗਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਦੀ ਅਣਹੋਂਦ ਨਾਲ ਜੂਝ ਰਹੇ ਪਰਵਾਸੀ ਮਜ਼ਦੂਰਾਂ ਅਤੇ ਦਿਹਾੜੀਦਾਰ ਪਰਿਵਾਰਾਂ ਨੇ ਬਿਜਲੀ ਦਫ਼ਤਰ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਰਾਜੂ, ਕਮਲਾ, ਸੋਨੂ ਅਤੇ ਹੋਰਨਾਂ ਨੇ ਦੱਸਿਆ ਕਿ ਟਰਾਂਸਫਾਰਮਰ ਸੜਨ ਕਾਰਨ ਚਾਰ ਦਿਨਾਂ...
ਬੜਮਾਜਰਾ ਦੇ ਜੁਝਾਰ ਨਗਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਦੀ ਅਣਹੋਂਦ ਨਾਲ ਜੂਝ ਰਹੇ ਪਰਵਾਸੀ ਮਜ਼ਦੂਰਾਂ ਅਤੇ ਦਿਹਾੜੀਦਾਰ ਪਰਿਵਾਰਾਂ ਨੇ ਬਿਜਲੀ ਦਫ਼ਤਰ ਪਹੁੰਚ ਕੇ ਨਾਅਰੇਬਾਜ਼ੀ ਕੀਤੀ।
ਰਾਜੂ, ਕਮਲਾ, ਸੋਨੂ ਅਤੇ ਹੋਰਨਾਂ ਨੇ ਦੱਸਿਆ ਕਿ ਟਰਾਂਸਫਾਰਮਰ ਸੜਨ ਕਾਰਨ ਚਾਰ ਦਿਨਾਂ ਤੋਂ ਪੂਰੇ ਇਲਾਕੇ ਦੀ ਬਿਜਲੀ ਬੰਦ ਹੈ। ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਠੱਪ ਪਈ ਹੈ, ਜਿਸ ਨਾਲ ਘਰਾਂ ਵਿੱਚ ਪੀਣ ਵਾਲੇ ਪਾਣੀ ਤੋਂ ਲੈ ਕੇ ਰੋਜ਼ਾਨਾ ਵਰਤੋਂ ਤੱਕ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਰਹਿੰਦੇ ਬਜ਼ੁਰਗ ਅਤੇ ਬਿਮਾਰ ਵਿਅਕਤੀ ਗਰਮੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹਨ, ਜਦਕਿ ਪਾਣੀ ਨਾ ਹੋਣ ਕਾਰਨ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਸਕੂਲ ਵੀ ਨਹੀਂ ਭੇਜ ਸਕੇ।
ਵਸਨੀਕਾਂ ਨੇ ਦੋਸ਼ ਲਾਇਆ ਕਿ ਬਿਜਲੀ ਨਿਗਮ ਦੇ ਅਧਿਕਾਰੀ ਸ਼ਿਕਾਇਤ ਲਈ ਇੱਕ ਨੰਬਰ ਦਿੰਦੇ ਹਨ, ਪਰ ਉਸ ਨੰਬਰ ’ਤੇ 100 ਤੋਂ ਵੱਧ ਵਾਰ ਫੋਨ ਕਰਨ ਦੇ ਬਾਵਜੂਦ ਕੋਈ ਫੋਨ ਨਹੀਂ ਚੁੱਕਦਾ। ਉਨ੍ਹਾਂ ਕਿਹਾ ਕਿ ਵਾਰ ਵਾਰ ਕਹਿਣ ’ਤੇ 100 ਕੇ ਵੀ ਏ ਦਾ ਟਰਾਂਸਫ਼ਾਰਮਰ ਲਾਇਆ ਗਿਆ ਪਰ ਉਹ ਉਸੇ ਸਮੇਂ ਮੁੜ ਸੜ ਗਿਆ। ਉਨ੍ਹਾਂ ਮੰਗ ਕੀਤੀ ਕਿ ਲੋਡ ਅਨੁਸਾਰ ਸਬੰਧਿਤ ਥਾਂ ਤੇ 200 ਕੇ ਵੀ ਏ ਦਾ ਟਰਾਂਸਫ਼ਾਰਮਰ ਲਾਇਆ ਜਾਵੇ।
ਵਿਭਾਗ ਦੇ ਐਕਸੀਅਨ ਅਮਨਦੀਪ ਸਿੰਘ ਨੇ ਕਿਹਾ ਕਿ ਨਵਾਂ ਟਰਾਂਸਫ਼ਾਰਮਰ ਲਗਾਇਆ ਗਿਆ ਸੀ, ਜਿਹੜਾ ਕਿ ਦੁਬਾਰਾ ਖ਼ਰਾਬ ਹੋ ਗਿਆ। ਉਨ੍ਹਾਂ ਕਿਹਾ ਕਿ ਸਬੰਧਿਤ ਖੇਤਰ ਵਿਚ ਵੱਧ ਸਮਰੱਥਾ ਵਾਲਾ ਟਰਾਂਸਫ਼ਾਰਮਰ ਲਗਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ।

