political tussle: ਸੜਕ ਦੇ ਇੱਕ ਦਿਨ ’ਚ ਦੋ ਵਾਰ ਨੀਂਹ ਪੱਥਰ ਰੱਖੇ
ਦਹਾਕੇ ਤੋਂ ਖਸਤਾ ਹਾਲਤ ਵਿੱਚ ਚੱਲੀ ਆ ਰਹੀ ਬੰਨ੍ਹਮਾਜਰਾ-ਚਟੌਲੀ-ਖਿਜ਼ਰਾਬਾਦ ਸੜਕ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਸੱਤਾਧਾਰੀ ‘ਆਪ’ ਦੀ ਹਲਕਾ ਖਰੜ ਅੰਦਰ ਚੱਲੀ ਆ ਰਹੀ ਸਿਆਸੀ ਖਿੱਚੋਤਾਣ ਜੱਗ ਜ਼ਾਹਰ ਹੋ ਗਈ ਹੈ। 12.20 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਮਿਲਦਿਆਂ...
ਦਹਾਕੇ ਤੋਂ ਖਸਤਾ ਹਾਲਤ ਵਿੱਚ ਚੱਲੀ ਆ ਰਹੀ ਬੰਨ੍ਹਮਾਜਰਾ-ਚਟੌਲੀ-ਖਿਜ਼ਰਾਬਾਦ ਸੜਕ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਸੱਤਾਧਾਰੀ ‘ਆਪ’ ਦੀ ਹਲਕਾ ਖਰੜ ਅੰਦਰ ਚੱਲੀ ਆ ਰਹੀ ਸਿਆਸੀ ਖਿੱਚੋਤਾਣ ਜੱਗ ਜ਼ਾਹਰ ਹੋ ਗਈ ਹੈ। 12.20 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਮਿਲਦਿਆਂ ਹੀ ਹੁਣ ਹਲਕਾ ਖਰੜ ਦੀ ਸਿਆਸੀ ਖਿੱਚੋਤਾਣ ਸਾਹਮਣੇ ਆਈ ਹੈ। ਸੜਕ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਮੰਗਲਵਾਰ ਨੂੰ ਪਹਿਲਾਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ‘ਆਪ’ ਦੇ ਯੂਥ ਵਿੰਗ ਦੇ ਕਾਰਜਕਾਰੀ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਨੇ ਚਟੌਲੀ ਵਿੱਚ ਲੋਕਾਂ ਦੀ ਹਾਜ਼ਰੀ ’ਚ ਸੜਕ ਦਾ ਕੰਮ ਸ਼ੁਰੂ ਕਰਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਸੜਕ ਪਾਸ ਹੋਈ ਹੈ।
ਦੂਜੇ ਪਾਸੇ, ਸ਼ਾਮ ਵੇਲੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਖਿਜ਼ਰਾਬਾਦ ’ਚ ਸਮਾਗਮ ਦੌਰਾਨ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਹਲਕੇ ਦੀਆਂ 119 ਸੜਕਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਮੌਕੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਬਹਾਦਰ ਸਿੰਘ ਓ ਕੇ, ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ, ਚੇਅਰਮੈਨ ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਸ਼ਾਹਪੁਰ, ਸਰਪੰਚ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਰੂਪਨਗਰ ਤੇ ਮੁਹਾਲੀ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਦਹਾਕੇ ਤੋਂ ਖ਼ਰਾਬ ਚੱਲੀ ਆ ਰਹੀ ਹੈ। ਪਿਛਲੀ ਸਰਕਾਰ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦੇ ਅੰਤਿਮ ਸਮੇਂ ਵਿੱਚ ਇਸ ਪ੍ਰਾਜੈਕਟ ਨੂੰ ਪਾਸ ਕਰਵਾਇਆ ਪਰ ਉਦੋਂ ਚੋਣ ਜਾਬਤਾ ਲੱਗਣ ਕਾਰਨ ਇਹ ਕੰਮ ਸਿਰੇ ਨਾ ਲੱਗ ਸਕਿਆ।

