ਬਰਖ਼ਾਸਤ AIG Rajjit Singh ਦਾ ਪੁਲੀਸ ਰਿਮਾਂਡ 3 ਅਕਤੂਬਰ ਤੱਕ ਵਧਾਇਆ
ਪੰਜ ਦਿਨਾਂ ਦਾ ਪੁਲੀਸ ਰਿਮਾਂਡ ਅੱਜ ਹੋਇਆ ਸੀ ਖ਼ਤਮ
ਮੁਹਾਲੀ ਦੀ ਇੱਕ ਅਦਾਲਤ ਨੇ ਅੱਜ ਬਰਖ਼ਾਸਤ ਕੀਤੇ ਗਏ ਏ.ਆਈ.ਜੀ. ਰਾਜਜੀਤ ਸਿੰਘ ਹੁੰਦਲ ਦਾ ਪੁਲੀਸ ਰਿਮਾਂਡ 3 ਅਕਤੂਬਰ ਤੱਕ ਵਧਾ ਦਿੱਤਾ ਹੈ। ਉਸ ਨੂੰ ਪਟਿਆਲਾ ਦੇ ਇੱਕ ਘਰੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ 25 ਸਤੰਬਰ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਸੀ।
ਇਸ ਤੋਂ ਪਹਿਲਾਂ, ਪੰਜਾਬ ਪੁਲੀਸ ਦੀ ਐਂਟੀ ਨਾਰਕੋਟਿਕਸ ਟਾਸਕ ਫ਼ੋਰਸ (ਏ.ਐੱਨ.ਟੀ.ਐੱਫ.) ਨੇ ਵੀਰਵਾਰ ਨੂੰ ਉਸ ਨੂੰ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ 10 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਹ ਦਾਗ਼ੀ ਪੁਲੀਸ ਅਧਿਕਾਰੀ ਆਮ ਆਮਦਨ ਤੋਂ ਵੱਧ ਜਾਇਦਾਦ (ਡਿਸਪੋਰਸ਼ਨੇਟ ਐਸੇਟਸ) ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੋਣ ਤੋਂ ਬਾਅਦ 2023 ਤੋਂ ਫ਼ਰਾਰ ਚੱਲ ਰਿਹਾ ਸੀ, ਜਿਸ ਨੂੰ ਵੀਰਵਾਰ ਸਵੇਰੇ ਦਰਸ਼ਨ ਸਿੰਘ ਨਗਰ, ਪਟਿਆਲਾ ਦੇ ਇੱਕ ਘਰੋਂ ਕਾਬੂ ਕੀਤਾ ਗਿਆ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਤਿੰਨ ਐੱਸ.ਆਈ.ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਰਿਪੋਰਟਾਂ ਵਿੱਚ ਬਰਖ਼ਾਸਤ ਪੀ.ਪੀ.ਐੱਸ. ਅਧਿਕਾਰੀ ਰਾਜਜੀਤ ਸਿੰਘ (ਤਤਕਾਲੀ ਮੁਹਾਲੀ ਐੱਸ.ਐੱਸ.ਪੀ.) ਦੀ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਮਿਲੀਭੁਗਤ ਅਤੇ ਨਸ਼ਾ ਤਸਕਰਾਂ ਨਾਲ ਉਨ੍ਹਾਂ ਦੇ ਗਠਜੋੜ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਜਜੀਤ ਨੂੰ ਅਪਰੈਲ 2023 ਵਿੱਚ ਪੰਜਾਬ ਪੁਲੀਸ ਵਿੱਚੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
ਹੁਕਮਾਂ ਵਿੱਚ ਕਿਹਾ ਗਿਆ ਸੀ, "ਤਰਨ ਤਾਰਨ ਦੇ ਐੱਸ.ਐੱਸ.ਪੀ. ਵਜੋਂ ਆਪਣੇ ਕਾਰਜਕਾਲ ਦੌਰਾਨ ਅਤੇ ਇੰਦਰਜੀਤ ਸਿੰਘ ਦੇ ਸੀ.ਆਈ.ਏ. ਇੰਚਾਰਜ ਵਜੋਂ ਕਾਰਜਕਾਲ ਦੌਰਾਨ, ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲਿਆਂ ਵਿੱਚ 50 ਤੋਂ ਵੱਧ ਸੈਂਪਲ ਫ਼ੇਲ੍ਹ ਹੋਏ, ਜੋ ਇਹ ਦਰਸਾਉਂਦੇ ਹਨ ਕਿ ਉਨ੍ਹਾਂ ਨੇ ਆਪਣੇ ਨਿੱਜੀ ਹਿੱਸਿਆਂ ਦੀ ਪੂਰਤੀ ਲਈ ਸਰਕਾਰੀ ਤੰਤਰ ਨੂੰ ਹਥਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।"

