ਖੇਤਰੀ ਪ੍ਰਤੀਨਿਧ
ਐਸ.ਏ.ਐਸ. ਨਗਰ (ਮੁਹਾਲੀ), 5 ਜੁਲਾਈ
ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਜ਼ਿਲਾ ਮੁਹਾਲੀ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਜਨਰਲ ਸਕੱਤਰ ਮਹਿੰਦਰ ਸਿੰਘ (ਸੇਵਾਮੁਕਤ ਇੰਸਪੈਕਟਰ) ਦੀ ਪ੍ਰਧਾਨਗੀ ਹੇਠ ਫੇਜ਼ ਗਿਆਰਾਂ ਥਾਣਾ ਕੰਪਲੈਕਸ ਵਿਚਲੇ ਜ਼ਿਲਾ ਦਫ਼ਤਰ ਵਿੱਚ ਹੋਈ। ਆਗੂਆਂ ਨੇ ਥਾਣਿਆਂ ਵਿੱਚ ਨਫ਼ਰੀ ਪੂਰੀ ਕਰਨ ਅਤੇ ਵੀਆਈਪੀ ਸੁਰੱਖਿਆ ਲਈ ਵੱਖਰਾ ਵਿੰਗ ਬਣਾਉਣ ਦੀ ਮੰਗ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਡਾ. ਦਲਜੀਤ ਸਿੰਘ ਕੈਲੋਂ ਨੇ ਦੱਸਿਆ ਕਿ ਮੀਟਿੰਗ ਥਾਣਿਆਂ-ਚੌਂਕੀਆਂ ਵਿੱਚ ਤਾਇਨਾਤ ਮੁਲਾਜ਼ਮਾਂ ਦੀ ਬਹੁਤ ਘਾਟ ਬਾਰੇ ਵਿਚਾਰ ਹੋਈ, ਜਿਸ ਕਾਰਨ ਡਿਊਟੀ ਕਰ ਰਹੇ ਮੁਲਾਜ਼ਮ ਬਹੁਤ ਮਾਨਸਿਕ ਪ੍ਰੇਸ਼ਾਨੀਆਂ ਦੇ ਵਿੱਚ ਡਿਊਟੀ ਕਰ ਰਹੇ ਹਨ। ਥਾਣਿਆਂ ਦੇ ਵਿੱਚ ਘੱਟ ਸਟਾਫ ਹੋਣ ਦਾ ਖਮਿਆਜ਼ਾ ਜਨਤਾ ਨੂੰ ਵੀ ਭੁਗਤਣਾ ਪੈ ਰਿਹਾ ਹੈ। ਮੀਟਿੰਗ ’ਚ ਪਾਸ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੁਲੀਸ ’ਚ ਨਵੀਂ ਭਰਤੀ ਕੀਤੀ ਜਾਵੇ ਤੇ ਵੀਆਈਪੀ ਸੁਰੱਖਿਆ ਤੇ ਵੀਆਈਪੀਜ਼ ਦੇ ਰੂਟ ਲਈ ਵੱਖਰਾ ਸੁਰੱਖਿਆ ਵਿੰਗ ਕਾਇਮ ਕੀਤਾ ਜਾਵੇ।