ਪੁਲੀਸ ਨੇ 21 ਵਾਹਨਾਂ ਦੇ ਚਲਾਨ ਕੀਤੇ
ਪੁਲੀਸ ਨੇ ਸ਼ਹਿਰ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕਰਦਿਆਂ ਅੱਜ ਲਗਪਗ 21 ਵਾਹਨਾਂ ਦੇ ਚਲਾਨ ਕੀਤੇ। ਪੁਲੀਸ ਨੇ ਇਹ ਕਾਰਵਾਈ ਉਨ੍ਹਾਂ ਵਾਹਨਾਂ ਖ਼ਿਲਾਫ਼ ਕੀਤੀ ਜਿਨ੍ਹਾਂ ਦੇ ਬੇਤਰਤੀਬੇ ਢੰਗ ਨਾਲ ਖੜ੍ਹਾ ਕਰਨ ਕਰ ਕੇ ਸ਼ਹਿਰ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਅਤੇ ਸੜਕਾਂ ’ਤੇ ਜਾਮ ਦੀ ਸਮੱਸਿਆ ਪੈਦਾ ਹੋ ਗਈ ਸੀ। ਪੁਲੀਸ ਨੇ ਅੱਜ ਮੁਹਿੰਮ ਦੌਰਾਨ ਸ਼ਹਿਰ ਦੀ ਤਹਿਸੀਲ ਸੜਕ ਅਤੇ ਰਾਮਲੀਲਾ ਮੈਦਾਨ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਿਥੇ ਬੇਤਰਤੀਬੇ ਢੰਗ ਨਾਲ ਖੜ੍ਹੇ ਵਾਹਨਾਂ ਕਾਰਨ ਗੰਭੀਰ ਸਮੱਸਿਆ ਪੈਦਾ ਹੋਈ ਸੀ।
ਟਰੈਫਿਕ ਇੰਚਾਰਜ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਸਥਾਨਕ ਰਾਮਲੀਲਾ ਮੈਦਾਨ ਅਤੇ ਐੱਸ ਡੀ ਐੱਮ ਦਫ਼ਤਰ ਦੇ ਬਾਹਰ ਗ਼ਲਤ ਤਰੀਕੇ ਨਾਲ ਖੜ੍ਹੇ ਲਗਪਗ 21 ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਈ ਦਿਨਾਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਵਾਹਨ ਮਾਲਕ ਆਪਣੀਆਂ ਗੱਡੀਆਂ ਬੇਤਰਤੀਬੀ ਨਾਲ ਖੜ੍ਹੀਆਂ ਕਰ ਰਹੇ ਸਨ, ਜਿਸ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਟਰੈਫਿਕ ਪੁਲੀਸ ਨੇ ਅੱਜ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਰਾਮਲੀਲਾ ਮੈਦਾਨ ਅਤੇ ਐੱਸ ਡੀ ਐੱਮ. ਦਫ਼ਤਰ ਅੱਗੇ ਗ਼ਲਤ ਖੰਗ ਨਾਲ ਖੜ੍ਹਾਏ ਵਾਹਨਾਂ ਦੇ ਚਲਾਨ ਕੱਟੇ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਕੁਝ ਵਾਹਨ ਮਾਲਕ ਨਿਯਮਾਂ ਦੀ ਅਣਦੇਖੀ ਕਰ ਰਹੇ ਸਨ, ਜਿਸ ਕਰਕੇ ਇਹ ਕਾਰਵਾਈ ਲਾਜ਼ਮੀ ਹੋ ਗਈ।
ਟਰੈਫਿਕ ਇੰਚਾਰਜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੋਰ ਸਖ਼ਤੀ ਨਾਲ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਿੱਚ ਟਰੈਫ਼ਿਕ ਦਾ ਪ੍ਰਬੰਧ ਸੁਚਾਰੂ ਬਣਿਆ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਨਿਯਮਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟਰੈਫਿਕ ਏ ਐਸ ਆਈ ਨਰੇਸ਼ ਕੁਮਾਰ ਸਮੇਤ ਟਰੈਫਿਕ ਮੁਲਾਜ਼ਮ ਹਾਜ਼ਰ ਸਨ।
