ਡੇਰਾਬੱਸੀ ’ਚ ਖਿਡਾਰੀਆਂ ਨੂੰ ਸਟੇਡੀਅਮ ਦਰਕਾਰ

ਡੇਰਾਬੱਸੀ ’ਚ ਖਿਡਾਰੀਆਂ ਨੂੰ ਸਟੇਡੀਅਮ ਦਰਕਾਰ

ਕਲੱਬ ਦੇ ਅਹੁਦੇਦਾਰ ਸਰਕਾਰੀ ਕਾਲਜ ਦੇ ਟਰੈਕ ਦੀ ਸਫਾਈ ਕਰਦੇ ਹੋਏ। -ਫੋਟੋ: ਰੂਬਲ

ਹਰਜੀਤ ਸਿੰਘ

ਡੇਰਾਬੱਸੀ, 25 ਮਈ

ਸ਼ਹਿਰ ਵਿੱਚ ਕੋਈ ਵੀ ਖੇਡ ਮੈਦਾਨ ਜਾਂ ਸਟੇਡੀਅਮ ਨਹੀਂ ਹੈ। ਇੱਥੇ ਇਕਲੌਤੇ ਇੰਡੋਰ ਸਟੇਡੀਅਮ ਦੀ ਦੇਖਰੇਖ ਨਾ ਹੋਣ ਕਾਰਨ ਉਸ ਦੀ ਹਾਲਤ ਖਸਤਾ ਹੋਣ ਕਾਰਨ ਉਸ ਨੂੰ ਖਿਡਾਰੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਨੌਜਵਾਨ ਖਿਡਾਰੀਆਂ ਨੂੰ ਆਪਣਾ ਸ਼ੌਕ ਪੂਰਾ ਕਰਨ ਲਈ ਨੇੜਲੇ ਸ਼ਹਿਰਾਂ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਜਾਣਾ ਪੈ ਰਿਹਾ ਹੈ, ਜਿਹੜੇ ਖਿਡਾਰੀ ਬਾਹਰ ਨਹੀਂ ਜਾ ਸਕਦੇ ਉਹ ਘਰਾਂ ਦੇ ਨੇੜੇ ਪਾਰਕਾਂ ਅਤੇ ਹੋਰਨਾਂ ਆਰਜ਼ੀ ਮੈਦਾਨਾਂ ਵਿੱਚ ਹੀ ਆਪਣਾ ਸ਼ੌਕ ਪੂਰਾ ਕਰ ਰਹੇ ਹਨ।

ਸ਼ਹਿਰ ਵਿੱਚ ਨੌਜਵਾਨਾਂ ਅਤੇ ਬੱਚਿਆਂ ਦੇ ਖੇਡਣ ਲਈ ਕੋਈ ਵੀ ਖੇਡ ਮੈਦਾਨ ਅਤੇ ਸਟੇਡੀਅਮ ਨਹੀਂ ਹੈ। ਨਗਰ ਕੌਂਸਲ ਵੱਲੋਂ ਕਾਫੀ ਸਮਾਂ ਪਹਿਲਾਂ ਇੱਥੋਂ ਦੀ ਬਰਵਾਲਾ ਰੋਡ ’ਤੇ ਇਕ ਇੰਡੋਰ ਸਟੇਡੀਅਮ ਦੀ ਉਸਾਰੀ ਕੀਤੀ ਗਈ ਸੀ ਪਰ ਇਸ ਦੀ ਦੇਖਰੇਖ ਨਾ ਹੋਣ ਕਾਰਨ ਇਸ ਦੀ ਹਾਲਤ ਹੁਣ ਕਾਫੀ ਖਸਤਾ ਹੋ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਦੀ ਲੋੜ ਨਾ ਮਹਿਸੂਸ ਕੀਤੇ ਜਾਣ ਕਾਰਨ ਇਸ ਦੇ ਬਾਹਰ ਬਣੇ ਕਮਰੇ ਵਿੱਚ ਲੇਬਰ ਇੰਸਪੈਕਟਰ ਨੇ ਆਪਣਾ ਦਫਤਰ ਖੋਲ੍ਹ ਲਿਆ ਹੈ। ਸਟੇਡੀਅਮ ਦੇ ਅੰਦਰ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਦੇ ਅੰਦਰ ਖੇਡਣ ਲਈ ਉਸਾਰਿਆ ਕੋਰਟ ਬਿਲਕੁਲ ਟੁੱਟ ਚੁੱਕਾ ਹੈ। ਇੱਥੇ ਪਖਾਨੇ ਦੀ ਹਾਲਤ ਵੀ ਕਾਫੀ ਮਾੜੀ ਹੋ ਗਈ ਹੈ। ਲੰਮੇ ਸਮੇਂ ਤੋਂ ਖਿਡਾਰੀ ਇਸ ਦੀ ਮੁਰੰਮਤ ਕਰਨ ਦੀ ਮੰਗ ਕਰ ਰਹੇ ਹਨ ਪਰ ਕੌਂਸਲ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ।

ਸ਼ਹਿਰ ਵਿੱਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰਾਂ ਕੋਈ ਵੀ ਖੇਡ ਮੈਦਾਨ ਜਾਂ ਸਟੇਡੀਅਮ ਬਣਾਉਣ ’ਚ ਨਾਕਾਮ ਸਾਬਤ ਹੋਏ ਹਨ ਉਥੇ ਮੌਰਨਿੰਗ ਵਾਕ ਕਲੱਬ ਵੱਲੋਂ ਇੱਥੋਂ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਦੀ ਕਾਫੀ ਸਾਲਾਂ ਤੋਂ ਦੇਖ-ਰੇਖ ਕਰਕੇ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ। ਕਲੱਬ ਦੇ ਅਹੁਦੇਦਾਰਾਂ ਵੱਲੋਂ ਇਸ ਮੈਦਾਨ ਦੇ ਆਲੇ ਦੁਆਲੇ ਵੱਡੀ ਗਿਣਤੀ ਛਾਂਦਾਰ ਅਤੇ ਹੋਰ ਦਰੱਖ਼ਤ ਵੀ ਲਾਏ ਹੋਏ ਹਨ। ਮੈਦਾਨ ਵਿੱਚ ਤਿਆਰ ਕੀਤੇ ਟਰੈਕ ਵਿੱਚ ਵੱਡੀ ਗਿਣਤੀ ਇਲਾਕੇ ਦੇ ਨੌਜਵਾਨ ਆ ਕੇ ਪ੍ਰੈਕਟਿਸ ਅਤੇ ਸੈਰ ਕਰਦੇ ਹਨ। ਇੱਥੋਂ ਪ੍ਰੈਕਟਿਸ ਕਰ ਕੇ ਦਰਜਨਾਂ ਨੌਜਵਾਨ ਫੌਜ, ਪੁਲੀਸ ਅਤੇ ਹੋਰਨਾਂ ਨੌਕਰੀਆਂ ਲਈ ਚੁਣੇ ਜਾ ਚੁੱਕੇ ਹਨ। ਕਲੱਬ ਦੇ ਅਹੁਦੇਦਾਰ ਐਡਵੋਕੇਟ ਅਨਮੋਲ ਸਿੰਘ, ਇੰਦਰਜੀਤ ਸਿੰਘ, ਪੁਸ਼ਪਿੰਦਰ ਮਹਿਤਾ, ਜਸਵੀਰ ਸਿੰਘ ਚੌਹਾਨ, ਜਸਪਾਲ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਇਹ ਉਪਰਾਲਾ ਇਲਾਕੇ ਦੇ ਨੌਜਵਾਨਾਂ ਦੀ ਬਿਹਤਰੀ ਲਈ ਕੀਤਾ ਹੈ।

ਛੇਤੀ ਸਟੇਡੀਅਮ ਉਸਾਰਾਂਗੇ: ਰੰਧਾਵਾ

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਛੇਤੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਲਕੇ ਵਿੱਚ ਖੇਡ ਮੈਦਾਨ ਅਤੇ ਸਟੇਡੀਅਮ ਦੀ ਉਸਾਰੀ ਕੀਤੀ ਜਾਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਅਧਿਕਾਰੀਆਂ ਨੂੰ ਹਦਾਇਤ ਕਰ ਬਰਵਾਲਾ ਰੋਡ ’ਤੇ ਇੰਡੋਰ ਖੇਡ ਸਟੇਡੀਅਮ ਦੀ ਹਾਲਤ ਸੁਧਾਰੀ ਜਾਏਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All