ਸਾਈਨ ਬੋਰਡ ’ਤੇ ਖਾਲਿਸਤਾਨ ਦਾ ਪੋਸਟਰ ਲਾਇਆ

ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਜਾਂਚ ਆਰੰਭੀ

ਸਾਈਨ ਬੋਰਡ ’ਤੇ ਖਾਲਿਸਤਾਨ ਦਾ ਪੋਸਟਰ ਲਾਇਆ

ਸੈਕਟਰ 44 ਤੇ 51 ਨੂੰ ਵੰਡਦੀ ਸੜਕ ਦੇ ਸਾਈਨ ਬੋਰਡ ’ਤੇ ਲੱਗਿਆ ਪੋਸਟਰ।

ਮੁਕੇਸ਼ ਕੁਮਾਰ

ਚੰਡੀਗੜ੍ਹ, 18 ਸਤੰਬਰ

ਚੰਡੀਗੜ੍ਹ ਦੇ ਸੈਕਟਰ-44 ਅਤੇ 51 ਨੂੰ ਵੰਡਦੀ ਸੜਕ ਦੇ ਸਾਈਨ ਬੋਰਡ ਊੱਤੇ ਅੱਜ ਖਾਲਿਸਤਾਨ ਪੱਖੀ ਪੋਸਟਰ ਲਗਾ ਦਿੱਤਾ ਗਿਆ। ਸ਼ਹਿਰ ਦੀ ਮੁੱਖ ਸੜਕ ’ਤੇ ਲੱਗੇ ਇਸ ਪੋਸਟਰ ਨੇ ਪੁਲੀਸ ਮਹਿਕਮੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਵੇਰਵਿਆਂ ਅਨੁਸਾਰ ਜਿਸ ਰੋਡ ਸਾਈਨ ਉੱਤੇ ਇਹ ਪੋਸਟਰ ਲਗਾਇਆ ਗਿਆ ਹੈ, ਉਹ ਸੈਕਟਰ-43 ਦੇ ਅੰਤਰਰਾਜੀ ਬੱਸ ਅੱਡੇ ਦੇ ਨੇੜੇ ਹੈ। ਕਾਗਜ਼ ’ਤੇ ਪ੍ਰਿੰਟ ਕੀਤੇ ਇਸ ਕੇਸਰੀ ਰੰਗ ਦੇ ਪੋਸਟਰ ਦੇ ਉਪਰਲੇ ਪਾਸੇ ਕਾਲੇ ਰੰਗ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਖਾਲਿਸਤਾਨ ਲਿਖਿਆ ਹੋਇਆ ਹੈ ਅਤੇ ਵਿਚਕਾਰ ਖੰਡਾ ਸਾਹਿਬ ਪ੍ਰਿੰਟ ਕੀਤਾ ਗਿਆ ਹੈ। ਪੋਸਟਰ ਦੇ ਹੇਠਲੇ ਪਾਸੇ ਪੰਜਾਬੀ ਭਾਸ਼ਾ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’’ ਲਿਖਿਆ ਹੋਇਆ ਹੈ।

ਇਸ ਪੋਸਟਰ ਨੂੰ ਰੋਡ ਸਾਈਨ ਉੱਤੇ ਚਿਪਕਾਇਆ ਹੋਇਆ ਸੀ। ਸੈਕਟਰ 49 ਥਾਣੇ ਦੇ ਮੁਖੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਇਸ ਬਾਰੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅੱਜ ਇਥੇ ਸੈਕਟਰ 44 ਅਤੇ 51 ਨੂੰ ਵੰਡਣ ਵਾਲੀ ਸੜਕ ਦੇ ਸਾਈਨ ਬੋਰਡ ਉੱਤੇ ਖਾਲਿਸਤਾਨ ਪੱਖੀ ਪੋਸਟਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਇਹ ਕਿਸੇ ਸਮਾਜ-ਵਿਰੋਧੀ ਅਨਸਰ ਦੀ ਸ਼ਰਾਰਤ ਲੱਗਦੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਨੇ ਵਾਹ-ਵਾਹ ਖੱਟਣ ਜਾਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਪੋਸਟਰ ਲਗਾਇਆ ਹੋਵੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਰ ਲਗਾਉਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਊਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਾਬੂ ਕਰਨ ਤੋਂ ਬਾਅਦ ਹੀ ਹਕੀਕਤ ਬਾਰੇ ਖੁਲਾਸਾ ਹੋ ਸਕਦਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪੋਸਟਰ ਲਗਾਉਣ ਵਾਲਾ ਵਿਅਕਤੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਇਹ ਪਹਿਲੀ ਤਰ੍ਹਾਂ ਦੀ ਘਟਨਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਵੀ ਕਥਿਤ ਤੌਰ ’ਤੇ ਮਾਹੌਲ ਵਿਗਾੜਨ ਲਈ ਅਗਸਤ ਮਹੀਨੇ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਘਟਨਾ ਵਾਪਰੀ ਸੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All