ਪੀਜੀਆਈ ਦੀ ਮਹਿਲਾ ਅਕਾਊਂਟਸ ਅਫ਼ਸਰ ਕਰੋਨਾ ਵਾਇਰਸ ਤੋਂ ਪੀੜਤ

ਚੰਡੀਗੜ੍ਹ ਵਿੱਚ 13 ਹੋਰ ਕੇਸ ਆਏ ਸਾਹਮਣੇ; ਪੀੜਤਾਂ ਵਿੱਚ ਇਕ ਮਹੀਨੇ ਦੀ ਬੱਚੀ ਵੀ ਸ਼ਾਮਲ; ਐਕਟਿਵ ਕੇਸ 121

ਪੀਜੀਆਈ ਦੀ ਮਹਿਲਾ ਅਕਾਊਂਟਸ ਅਫ਼ਸਰ ਕਰੋਨਾ ਵਾਇਰਸ ਤੋਂ ਪੀੜਤ

ਕੁਲਦੀਪ ਸਿੰਘ
ਚੰਡੀਗੜ੍ਹ, 10 ਜੁਲਾਈ

ਇਥੇ ਪੀਜੀਆਈ ਦੇ ਇਲੈਕਟ੍ਰੀਕਲ ਵਿੰਗ ਵਿੱਚ ਤਾਇਨਾਤ ਮਹਿਲਾ ਅਕਾਊਂਟਸ ਅਫ਼ਸਰ ਸਮੇਤ 13 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 536 ਹੋ ਗਿਆ ਹੈ।

ਯੂਟੀ ਦੇ ਸਿਹਤ ਵਿਭਾਗ ਮੁਤਾਬਕ ਮਰੀਜ਼ਾਂ ਵਿੱਚ ਪੀਜੀਆਈ ਦੀ 58 ਸਾਲਾਂ ਦੀ ਮਹਿਲਾ ਅਕਾਊਂਟਸ ਅਫ਼ਸਰ (ਵਾਸੀ ਪੀਜੀਆਈ ਅਪਾਰਟਮੈਂਟਸ), ਮਨੀਮਾਜਰਾ ਦੀ ਇਕ ਮਹਿਲਾ ਤੇ ਪੁਰਸ਼, ਪਿੰਡ ਖੁੱਡਾ ਲਾਹੌਰਾ ਦਾ ਨੌਜਵਾਨ, ਸੈਕਟਰ 21 ਤੋਂ 76 ਸਾਲਾਂ ਦਾ ਬਿਰਧ ਵਿਅਕਤੀ, ਰਾਮ ਦਰਬਾਰ ਦਾ 34 ਸਾਲਾਂ ਦਾ ਵਸਨੀਕ, ਸੈਕਟਰ 55 ਤੋਂ ਇਕ ਮਹੀਨੇ ਦੀ ਬੱਚੀ ਸਮੇਤ 29, 64 ਤੇ 82 ਸਾਲਾਂ ਦੀਆਂ ਤਿੰਨ ਔਰਤਾਂ, ਸੈਕਟਰ 41 ਦੀ ਲੜਕੀ, ਸੈਕਟਰ 45 ਤੋਂ 52 ਸਾਲਾਂ ਦੀ ਔਰਤ ਤੇ ਮਨੀਮਾਜਰਾ ਦਾ 61 ਸਾਲਾਂ ਦਾ ਵਿਅਕਤੀ ਸ਼ਾਮਲ ਹਨ।

ਇਸ ਤੋਂ ਇਲਾਵਾ ਸ਼ਹਿਰ ਦੇ ਪੰਜ ਵਸਨੀਕਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਜਿਨ੍ਹਾਂ ਨੂੰ ਵੱਖ ਵੱਖ ਹਸਪਤਾਨਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ ਵਿੱਚ ਹੁਣ ਤੱਕ ਕਰੋਨਾ ਦੇ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 408 ਹੈ ਅਤੇ ਐਕਟਿਵ ਕੇਸ 121 ਹਨ।

ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 22 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 361 ਹੋ ਗਈ ਹੈ ਤੇ 98 ਨਵੇਂ ਕੇਸ ਐਕਟਿਵ ਹਨ। ਅੱਜ ਤਿੰਨ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਜਦੋਂਕਿ ਇਕ ਮਰੀਜ਼ ਦੀ ਮੌਤ ਹੋਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ, ਏਡੀਸੀ ਅਤੇ ਐੱਸਡੀਐਮ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਐੱਸਡੀਐਮ ਜਗਦੀਪ ਸਹਿਗਲ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰੀ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ।

ਸਿਵਲ ਸਰਜਨ ਨੇ ਦੱਸਿਆ ਕਿ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਸੂਬੇ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਮੁਹਾਲੀ ਸਥਿਤ ਵਿਕਾਸ ਭਵਨ ਦੇ ਸਮੂਹ ਅਧਿਕਾਰੀਆਂ ਦੇ ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਖਰੜ (ਸ਼ਸ਼ੀ ਪਾਲ ਜੈਨ): ਖਰੜ ਅਤੇ ਲਾਗਲੇ ਖੇਤਰਾਂ ਵਿੱਚ ਕਰੋਨਾ ਪੀੜਤ 10 ਹੋਰ ਕੇਸ ਸਾਹਮਣੇ ਆਏ ਹਨ। ਐੱਸਐਮਓ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਨਿਊ ਸੰਨੀ ਐਨਕਲੇਵ ਵਿਚ ਪਹਿਲਾਂ ਪਾਏ ਗਏ ਕਰੋਨਾ ਪਾਜ਼ੇਟਿਵ ਵਿਅਕਤੀ ਦੀ ਪਤਨੀ ਅਤੇ ਉਸ ਦੇ 2 ਬੱਚਿਆਂ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇੰਜ ਹੀ ਗਿਲਕੋ ਹਾਈਟਸ ਵਿਚ ਰਹਿ ਰਹੇ ਦੋ ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਘੜੂੰਆਂ ਦੀ ਐੱਸਐਮਓ ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਲਾਂਡਰਾ ਰੋਡ ਉੱਤੇ ਸਥਿਤ ਐੱਸਬੀਪੀ ਹੋਮਜ਼ ਵਿਚ ਇੱਕ ਅਤੇ ਨਿਆਂਸ਼ਹਿਰ ਬਡਾਲਾ ਵਿਖੇ ਇੱਕ ਹੋਰ ਵਿਅਕਤੀ ਕਰੋਨਾ ਤੋਂ ਪੀੜਤ ਪਾਇਆ ਗਿਆ ਹੈ। ਇੰਜ ਹੀ ਮਜਾਤ ਵਿਚ ਤਿੰਨ ਹੋਰ ਵਿਅਕਤੀ ਵਾਇਰਸ ਤੋਂ ਪੀੜਤ ਪਾਏ ਗਏ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All