PG ਮਾਲਕ ਉੱਤੇ BCA ਦੀ ਵਿਦਿਆਰਥਣ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼; ਪੀਜੀ ਮਾਲਕ ਗ੍ਰਿਫ਼ਤਾਰ
ਪੀੜਤਾ ਦੇ ਵਿਰੋਧ ਕਰਨ ਦੇ ਬਾਵਜੂਦ ਮੁਲਜ਼ਮ ਲਗਾਤਾਰ ਬਣਾਉਂਦਾ ਰਿਹਾ ਮਿਲਣ ਦਾ ਦਬਾਅ
ਆਨੰਦਪੁਰ ਸਾਹਿਬ ਦੀ ਇੱਕ ਪੀਜੀ ਵਿੱਚ ਰਹਿ ਰਹੀ ਬੀਸੀਏ ਦੀ ਆਖ਼ਰੀ ਸਾਲ ਦੀ ਵਿਦਿਆਰਥਣ ਦੀ ਸ਼ਿਕਾਇਤ ’ਤੇ ਉੱਥੋਂ ਦੇ ਪੀਜੀ ਮਾਲਕ ਖ਼ਿਲਾਫ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਅਤੇ ਜਬਰੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ।
ਆਨੰਦਪੁਰ ਸਾਹਿਬ ਪੁਲੀਸ ਥਾਣੇ ਵਿੱਚ 30 ਸਤੰਬਰ ਨੂੰ ਦਰਜ ਹੋਈ ਇਸ ਐੱਫਆਈਆਰ ਅਨੁਸਾਰ, ਇਹ ਘਟਨਾ ਸਾਈਂ ਹਸਪਤਾਲ ਨੇੜੇ ਸਥਿਤ ਇੱਕ ਪੀਜੀ ਦੀ ਹੈ। ਮੁਲਜ਼ਮ ਦੀ ਪਛਾਣ ਕੁਲਵਿੰਦਰ ਸਿੰਘ ਬਾਬਾ, ਵਾਸੀ ਮੁਹੱਲਾ ਮਟੌਰ, ਆਨੰਦਪੁਰ ਸਾਹਿਬ ਵਜੋਂ ਹੋਈ ਹੈ।
ਸ਼ਿਕਾਇਤ ਵਿੱਚ ਵਿਦਿਆਰਥਣ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਉਸ ਦੇ ਪੀਜੀ ਰਹਿਣ ਦੌਰਾਨ ਅਕਸਰ ਅਸ਼ਲੀਲ ਟਿੱਪਣੀਆਂ ਅਤੇ ਇਸ਼ਾਰੇ ਕਰਦਾ ਸੀ। 29 ਸਤੰਬਰ ਨੂੰ ਜਦੋਂ ਉਹ ਪੀਜੀ ਵਿੱਚ ਮੌਜੂਦ ਸੀ, ਤਾਂ ਮੁਲਜ਼ਮ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਘਿਣਾਉਣੀ ਪੇਸ਼ਕਸ਼ ਕੀਤੀ। ਵਿਦਿਆਰਥਣ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਉੱਥੋਂ ਚਲੀ ਗਈ। ਬਾਅਦ ਵਿੱਚ ਵੀ ਮੁਲਜ਼ਮ ਨੇ ਉਸ ਨਾਲ ਸੰਪਰਕ ਕਰਕੇ ਮਿਲਣ ਦਾ ਦਬਾਅ ਬਣਾਇਆ।
ਸ਼ਿਕਾਇਤ ਮਿਲਣ ਮਗਰੋਂ ਆਨੰਦਪੁਰ ਸਾਹਿਬ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਅੱਗੇ ਦੀ ਜਾਂਚ ਏ.ਐੱਸ.ਆਈ. ਨੀਲਮ ਰਾਣੀ ਨੂੰ ਸੌਂਪ ਦਿੱਤੀ ਗਈ ਹੈ।

