ਰੇਲਵੇ ਕੋਲ ਨਹੀਂ ਪਹੁੰਚੀ ਗੱਡੀਆਂ ਚਲਾਉਣ ਦੀ ਪ੍ਰਵਾਨਗੀ

ਰੇਲਵੇ ਕੋਲ ਨਹੀਂ ਪਹੁੰਚੀ ਗੱਡੀਆਂ ਚਲਾਉਣ ਦੀ ਪ੍ਰਵਾਨਗੀ

ਆਤਿਸ਼ ਗੁਪਤਾ

ਚੰਡੀਗੜ੍ਹ, 22 ਨਵੰਬਰ

ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ’ਤੇ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਚਲਦਿਆਂ ਦੋ ਮਹੀਨੇ ਬਾਅਦ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਅਤੇ ਮੁਸਾਫਿਰ ਗੱਡੀਆਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਰ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਕੋਲ ਕੋਈ ਅਧਿਕਾਰਿਤ ਸੂਚਨਾ ਨਹੀਂ ਪਹੁੰਚੀ ਹੈ। ਜਿਸ ਕਰਕੇ ਰੇਲ ਰਾਹੀ ਸਫ਼ਰ ਕਰਨ ਵਾਲੇ ਲੋਕ ਭੰਬਲ ਭੂਸੇ ’ਚ ਫਸੇ ਹੋਏ ਹਨ।

ਇਹ ਰੇਲਾਂ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੇ ਦਿਨ ਕਿਸਾਨਾਂ ਧਿਰਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਰੇਲ ਗੱਡੀਆਂ ਚਲਾਉਣ ਦੇਣ ਦੀ ਮੰਗ ਕੀਤੀ ਗਈ ਸੀ। ਜਿਸ ਦੌਰਾਨ ਕਿਸਾਨ ਆਗੂਆਂ ਨੇ ਮਾਲ ਗੱਡੀਆਂ ਅਤੇ ਮੁਸਾਫਿਰ ਗੱਡੀਆਂ ਸੋਮਵਾਰ 23 ਨਵੰਬਰ ਤੋਂ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਉਸ ਦੇ ਬਾਵਜੂਦ ਇਕ ਜਥੇਬੰਦੀਆਂ ਵੱਲੋਂ ਮੁਸਾਫਿਰ ਗੱਡੀਆਂ ਨਾ ਚਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਰੇਲ ਵਿਭਾਗ ਵੀ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਨਹੀਂ ਲੈ ਪਾ ਰਿਹਾ ਹੈ। ਸੂਤਰਾਂ ਤੋਂ ਮਿੱਲੀ ਜਾਣਕਾਰੀ ਅਨੁਸਾਰ ਰੇਲ ਮੰਤਰਾਲੇ ਨੇ ਟਵੀਟ ਰਾਹੀ ਪੰਜਾਬ ਵਿੱਚ ਰੇਲ ਸੇਵਾ ਜਲਦ ਸ਼ੁਰੂ ਕਰਨ ਬਾਰੇ ਟਵੀਟ ਕੀਤਾ ਗਿਆ ਹੈ। ਜਿਸ ਲਈ ਰੇਲਵੇ ਵੱਲੋਂ ਸੂਬੇ ਭਰ ਵਿੱਚ ਪਟਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਰ ਰੇਲਵੇ ਦੇ ਸਪਸ਼ਟ ਫ਼ੈਸਲਾਂ ਨਾ ਹੋਣ ਕਰਕੇ ਯਾਤਰੀ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ। ਇਸ ਬਾਰੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਅਨਿਲ ਅਗਰਵਾਲ ਨੇ ਦੱਸਿਆ ਕਿ ਰੇਲ ਗੱਡੀਆਂ ਨੂੰ ਸ਼ੁਰੂ ਕਰਨ ਬਾਰੇ ਅਧਿਕਾਰਿਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਚੰਡੀਗੜ੍ਹ ਤੋਂ ਕੋਈ ਰੇਲ ਗੱਡੀ ਚੱਲੇਗੀ ਜਾਂ ਨਹੀਂ ਇਸ ਬਾਰੇ ਦੇਰ ਰਾਤ ਪਤਾ ਲੱਗ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All