ਰਿਹਾਇਸ਼ੀ ਖੇੇਤਰ ਨੇੜੇ ਲੱਗੇ ਕਰੱਸ਼ਰ ਖ਼ਿਲਾਫ਼ ਨਿੱਤਰੇ ਲੋਕ
ਜੰਗਲਾਤ ਵਿਭਾਗ ਦੇ ਨਿਯਮਾਂ ਅਨੁਸਾਰ ਆਬਾਦੀ ਨੇੜੇ ਨਹੀਂ ਲੱਗ ਸਕਦਾ ਹੈ ਕਰੱਸ਼ਰਸਟੋਨ ਕਰੱਸ਼ਰ ਬੰਦ ਕਰਵਾਉਣ ਦੀ ਮੰਗ
ਬਲਵਿੰਦਰ ਰੈਤ
ਨੰਗਲ, 19 ਜੂਨ
ਤਹਿਸੀਲ ਨੰਗਲ ਅਧੀਨ ਆਉਂਦੇ ਪਿੰਡ ਮਹਿੰਦਪੁਰ ਅਤੇ ਮਜ਼ਾਰੀ ਦੀ ਅਬਾਦੀ ਨਜ਼ਦੀਕ ਲੱਗੇ ਇੱਕ ਸਟੋਨ ਕਰੱਸ਼ਰ ਤੋਂ ਪਿੰਡ ਵਾਸੀ ਪ੍ਰੇਸ਼ਾਨ ਹਨ। ਇਹ ਸਟੋਨ ਕਰੱਸ਼ਰ ਜੰਗਲਾਤ ਵਿਭਾਗ ਦੀ ਜ਼ਮੀਨ ਦਫਾ 4 ਵਿੱਚ ਲਗਾਇਆ ਗਿਆ ਹੈ ਜਿਥੇ ਕਾਨੂੰਨੀ ਤੌਰ ’ਤੇ ਉਸਾਰੀ ਨਹੀੰ ਕੀਤੀ ਜਾ ਸਕਦੀ। ਨਿਯਮਾਂ ਨੂੰ ਛਿੱਕੇ ਢੰਗ ਕੇ ਉਕਤ ਸਟੋਨ ਕਰੱਸ਼ਰ ਲਗਾਇਆ ਗਿਆ ਹੈ। ਅੱਜ ਦੋਵਾਂ ਪਿੰਡਾਂ ਦਾ ਇਕੱਠ ਸਰਪੰਚ ਮਹਿੰਦਪੁਰ ਦੀ ਸੋਨੀਆ ਦੇਵੀ, ਮਜ਼ਾਰੀ ਦੇ ਸਾਬਕਾ ਸਰਪੰਚ ਬ੍ਰਿਜ ਮੋਹਨ ਵਿੱਕੀ ਮਜ਼ਾਰੀ ਦੀ ਅਗਵਾਈ ਹੇਠ ਹੋਇਆ। ਪੀੜਤ ਲੋਕਾਂ ਨੇ ਕਿਹਾ ਕਿ ਉਕਤ ਸਟੋਨ ਕਰੱਸ਼ਰ ਪਿੰਡ ਦੀ ਅਬਾਦੀ ਤੋਂ 50 ਗਜ਼ ਦੂਰੀ ’ਤੇ ਲਗਾਇਆ ਗਿਆ ਹੈ। ਕਰੱਸ਼ਰ ਤੋਂ ਉਡਣ ਵਾਲੀ ਧੂੜ ਨਾਲ ਦੋਨਾਂ ਪਿੰਡਾਂ ਦੇ ਵਸਨੀਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗ ਪਈ ਹੈ। ਸਟੋਨ ਕਰੱਸ਼ਰ ਲੱਗਣ ਤੋਂ ਬਾਅਦ ਦੋਵਾਂ ਪਿੰਡਾਂ ਨੂੰ ਆ ਰਹੀ ਸਮੱਸਿਆ ਬਾਰੇ ਪੀੜਤਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ, ਐਸਡੀਐਮ ਨੰਗਲ, ਡੀਐਫਓ ਰੂਪਨਗਰ, ਮਾਈਨਿੰਗ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਕੋਲ ਬਕਾਇਦਾ ਸ਼ਿਕਾਇਤ ਕੀਤੀ। ਇਸ ਦੇ ਬਾਵਜੂਦ ਇਸ ਸਟੋਨ ਕਰੱਸ਼ਰ ’ਤੇ ਕੋਈ ਕਾਰਵਾਈ ਨਹੀ ਹੋਈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਕਤ ਸਟੋਨ ਕਰੱਸ਼ਰ ਨੂੰ ਉਥੋਂ ਨਾ ਹਟਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ ਮਜ਼ਾਰੀ ਦੇ ਪ੍ਰਿੰਸੀਪਲ ਵਿਜੇ ਕੁਮਾਰ ਰਾਇਤ ਨੇ ਦੱਸਿਆ ਕਿ ਇਸ ਸਟੋਨ ਕਰੱਸ਼ਰ ਨਾਲ ਵਿਦਿਆਰਥੀਆਂ ਨੂੰ ਸਮੱਸਿਆ ਆ ਰਹੀ ਹੈ।
ਕਰੱਸ਼ਰ ਗੈਰਕਾਨੂੰਨੀ ਲੱਗਿਆ ਤਾਂ ਕਾਰਵਾਈ ਕਰਾਂਗੇ: ਡੀਐੱਫਓ
ਸਟੋਨ ਕਰੱਸ਼ਰ ਬਾਰੇ ਡੀਐਫਓ ਰੂਪਨਗਰ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ ਉਕਤ ਕਰੱਸ਼ਰ ਦਫਾ 4 ਵਿੱਚ ਲੱਗਿਆ ਹੈ ਤਾਂ ਇਸ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਨੂਰਪੁਰ ਬੇਦੀ ਦੇ ਰੇਂਜ ਅਫਸਰ ਸੁਖਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਲਈ ਕੋਰਟ ਰਾਹੀਂ ਨੋਟਿਸ ਦਿੱਤੇ ਜਾਣਗੇ।
ਵਿਭਾਗਾਂ ਦੇ ਅਧਿਕਾਰੀ ਜਾਂਚ ਕਰਨਗੇ: ਐੱਸਡੀਐੱਮ
ਐੱਸਡੀਐੱਮ ਨੰਗਲ ਸਚਿਨ ਪਾਠਕ ਨੇ ਕਿਹਾ ਕਿ ਇਸ ਤਰ੍ਹਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਜੇਕਰ ਕੋਈ ਗੈਰਕਾਨੂੰਨੀ ਢੰਗ ਨਾਲ ਸਟੋਨ ਕਰੱਸ਼ਰ ਲੱਗਾ ਹੈ ਤਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਬਣਾ ਕੇ ਇਸ ਦੀ ਜਾਂਚ ਕਰਵਾਉਣਗੇ।

