SummerVacations: ਲੋਕਾਂ ਨੇ ਸਕੂਲਾਂ ’ਚ ਛੁੱਟੀਆਂ ਹੁੰਦੇ ਸਾਰ ਪਹਾੜਾਂ ਵੱਲ ਵਹੀਰਾਂ ਘੱਤੀਆਂ
ਟ੍ਰਾਈਸਿਟੀ ਵਿੱਚ ਮੀਂਹ ਤੋਂ ਬਾਅਦ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਘਟਿਆ; 4 ਤੱਕ ਮੀਂਹ ਪੈਣ ਦੀ ਪੇਸ਼ੀਨਗੋਈ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਹੋਣ ਦੇ ਨਾਲ ਹੀ ਲੋਕਾਂ ਨੇ ਪਹਾੜਾਂ ਵੱਲ ਵਹੀਰਾਂ ਘੱਤ ਲਈਆਂ ਹਨ। ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਗਵਾਰ ਸੀ ਅਤੇ ਵੱਡੀ ਗਿਣਤੀ ਲੋਕਾਂ ਨੇ ਪਹਾੜਾਂ ਵੱਲ ਚਾਲੇ ਪਾ ਲਏ, ਜਿਸ ਕਰ ਕੇ ਚੰਡੀਗੜ੍ਹ ਤੋਂ ਸ਼ਿਮਲਾ ਅਤੇ ਜ਼ੀਰਕਪੁਰ ਤੇ ਪੰਚਕੂਲਾ ਤੋਂ ਕਸੋਲੀ ਅਤੇ ਹੋਰ ਪਹਾੜਾਂ ਵੱਲ ਜਾਣ ਵਾਲੀਆਂ ਸੜਕਾਂ ’ਤੇ ਟਰੈਫ਼ਿਕ ਜਾਮ ਹੋ ਗਿਆ। ਇਸ ਦੌਰਾਨ ਸੜਕਾਂ ’ਤੇ ਟਰੈਫ਼ਿਕ ਜਾਮ ਹੋਣ ਕਰਕੇ ਵੀ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਪਹਾੜਾਂ ਵਿੱਚ ਹੋਟਲਾਂ ਦੀ ਬੁਕਿੰਗ ਵੀ ਆਮ ਦਿਨਾਂ ਨਾਲੋਂ ਵਧ ਗਈ ਹੈ।
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਵੀ ਲੰਘੇ ਦਿਨ ਪਏ ਮੀਂਹ ਤੋਂ ਬਾਅਦ ਅੱਜ ਮੌਸਮ ਖੁਸ਼ਗਵਾਰ ਰਿਹਾ ਹੈ, ਜਿੱਥੇ ਦੇ ਤਾਪਮਾਨ ਵਿੱਚ 7 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸ਼ਹਿਰ ਵਿੱਚ ਧੁੱਪ ਮੱਧਮ ਨਿਕਲੀ ਹੈ ਅਤੇ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ, ਜਿਸ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਐਤਵਾਰ ਵਾਲੇ ਦਿਨ ਟ੍ਰਾਈਸਿਟੀ ਦਾ ਮੌਸਮ ਖੁਸ਼ਗਵਾਰ ਹੋਣ ਦੇ ਨਾਲ ਹੀ ਵੱਡੀ ਗਿਣਤੀ ਸੈਲਾਨੀ ਸੁਖਨਾ ਝੀਲ ’ਤੇ ਪਹੁੰਚੇ। ਜਿੱਥੇ ਸਾਰਾ ਦਿਨ ਲੋਕਾਂ ਦਾ ਚਹਿਲ-ਪਹਿਲ ਲੱਗੀ ਰਹੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 7.2 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 20.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 5.9 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ।
ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਜਦੋਂ ਕਿ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ 4 ਜੂਨ ਤੱਕ ਟੁੱਟਵਾਂ ਮੀਂਹ ਪੈਣ ਅਤੇ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ 1 ਤੋਂ 4 ਜੂਨ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।

