ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 28 ਨਵੰਬਰ
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੀਆਂ ਗਲੀਆਂ ਵਿੱਚ (ਨੇੜੇ ਨੀਮ ਨਾਥ ਮੰਦਰ) ਖੁੱਲ੍ਹੀਆਂ ਨਾਲੀਆਂ ਦਾ ਗੰਦਾ ਪਾਣੀ ਓਵਰਫਲੋਅ ਹੋਣ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਾਂ ਅੱਗੇ ਅਤੇ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਪਿੰਡ ਵਿੱਚ ਬਿਮਾਰੀ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਅੱਜ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਗਲੀਆਂ-ਨਾਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਅਤੇ ਗੰਦਗੀ ਦੇ ਢੇਰ ਦਿਖਾਉਂਦੇ ਹੋਏ ਪਿੰਡ ਵਾਸੀਆਂ ਨੇ ਆਪਣੀ ਅਣਦੇਖੀ ਦਾ ਰੋਣਾ ਰੋਇਆ। ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਵਾਸੀ ਸ਼ੁਰੂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਸਬੰਧੀ ਸਾਬਕਾ ਸਿਹਤ ਮੰਤਰੀ, ਮੇਅਰ ਅਤੇ ਕਮਿਸ਼ਨਰ ਆਦਿ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕੇ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਪਿੰਡ ਵਾਸੀਆਂ ਵੱਲੋਂ ਨਗਰ ਨਿਗਮ ਦਫ਼ਤਰ ਘੇਰਿਆ ਜਾਵੇਗਾ।
ਸੋਸ਼ਲ ਵਰਕਰ ਤੇ ਸੀਨੀਅਰ ਸਿਟੀਜ਼ਨ ਡਾ. ਪਵਨ ਕੁਮਾਰ ਜੈਨ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ, ਮੇਅਰ, ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਕਈ ਪੱਤਰ ਲਿਖ ਕੇ ਪਿੰਡ ਕੁੰਭੜਾ ਦੇ ਮੌਜੂਦਾ ਹਾਲਾਤ ਬਾਰੇ ਦੱਸ ਚੁੱਕੇ ਹਨ ਪਰ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਕੁੰਭੜਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਸਫ਼ਾਈ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ। ਇਸ ਸਬੰਧੀ 9 ਨਵੰਬਰ, 11 ਨਵੰਬਰ, 15 ਨਵੰਬਰ ਨੂੰ ਨਗਰ ਨਿਗਮ ਦੇ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮੇਅਰ ਨੂੰ ਫੋਨ ’ਤੇ ਸੂਚਨਾ ਭੇਜੀ ਗਈ ਸੀ। ਇਹੀ ਨਹੀਂ ਦਫ਼ਤਰੀ ਸਟਾਫ਼ ਨੂੰ ਫੋਟੋਆਂ ਵੀ ਖਿੱਚ ਕੇ ਭੇਜੀਆਂ ਗਈਆਂ ਸਨ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਅਜੈਬ ਸਿੰਘ, ਮੰਗਤ ਰਾਮ, ਬਹਾਦਰ ਸਿੰਘ, ਅਮਰੀਕ ਸਿੰਘ, ਮੇਵਾ ਸਿੰਘ, ਸਵਰਨਾ, ਅਮਰਜੀਤ ਕੌਰ, ਰਾਣੀ, ਭੂਰੀ, ਮਨਜੀਤ ਸਿੰਘ ਟੇਲਰ, ਮਨਜੀਤ ਸਿੰਘ, ਛੋਟਾ, ਦੀਪਾ ਅਤੇ ਹੋਰ ਮੌਜੂਦ ਸਨ।