DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

1 ਘੰਟੇ ਦਾ ਰਹਿ ਜਾਵੇਗਾ ਪਟਿਆਲਾ-ਚੰਡੀਗੜ੍ਹ ਦਾ ਸਫ਼ਰ; ਮੁਹਾਲੀ-ਸਰਹਿੰਦ ਗ੍ਰੀਨਫੀਲਡ ਹਾਈਵੇਅ ਸਤੰਬਰ ਤੱਕ ਹੋਵੇਗਾ ਸ਼ੁਰੂ

ਮੌਨਸੂਨ ਕਾਰਨ ਆਖਰੀ ਕੰਮ ਬਾਕੀ; ਪਰ ਲੋਕਾਂ ਨੇ ਹੁਣੇ ਤੋਂ ਸ਼ੁਰੂ ਕੀਤੀ ਵਰਤੋਂ

  • fb
  • twitter
  • whatsapp
  • whatsapp
Advertisement

ਪਟਿਆਲਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਦੇ ਸਫ਼ਰ ਨੂੰ ਹੋਰ ਸੁਖਾਲਾ ਬਣਾਉਣ ਲਈ ਸਤੰਬਰ ਮਹੀਨੇ ਤੱਕ 27.37 ਕਿਲੋਮੀਟਰ ਲੰਮਾ ਅਤੇ ਬਹੁਤ ਹੀ ਮਹੱਤਵਪੂਰਨ ਮੁਹਾਲੀ-ਸਰਹਿੰਦ ਗ੍ਰੀਨਫੀਲਡ ਹਾਈਵੇਅ ਵਾਹਨ ਚਾਲਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਨਾਲ ਮੁਹਾਲੀ ਅਤੇ ਚੰਡੀਗੜ੍ਹ ਜਾਣ ਦਾ ਸਫ਼ਰ ਸਿਰਫ਼ ਇੱਕ ਘੰਟੇ ਦਾ ਰਹਿ ਜਾਵੇਗਾ।

ਹਾਲਾਂਕਿ ਸੜਕ ਦਾ ਇਹ ਹਿੱਸਾ ਆਖਰੀ ਸਮੇਂ ਦੀ ਮੁਰੰਮਤ ਅਤੇ ਦੇਖਭਾਲ ਦੇ ਕੰਮ ਕਰਕੇ ਅਧਿਕਾਰਤ ਤੌਰ 'ਤੇ ਅਜੇ ਬੰਦ ਹੈ, ਪਰ ਲੋਕਾਂ ਨੇ ਹੁਣੇ ਤੋਂ ਹੀ ਇਸ ਸੜਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲੋਕ ਇਸ ਸੜਕ 'ਤੇ ਸਫ਼ਰ ਕਰਨ ਦੇ ਆਪਣੇ ਤਜ਼ਰਬੇ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੇ ਹਨ।

Advertisement

ਇਹ ਹਾਈਵੇਅ ਇੱਕ ਵਾਰ ਪੂਰੀ ਤਰ੍ਹਾਂ ਖੁੱਲ੍ਹਣ ਤੋਂ ਬਾਅਦ ਸਰਹਿੰਦ ਦੇ ਕੋਲ ਨੈਸ਼ਨਲ ਹਾਈਵੇਅ-44 (NH-44) ਨਾਲ ਜੁੜ ਜਾਵੇਗਾ। ਇਸ ਨਾਲ ਲੁਧਿਆਣਾ, ਬਰਨਾਲਾ, ਮੋਗਾ ਅਤੇ ਇਸ ਇਲਾਕੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਇਸ ਦੇ ਨਾਲ ਹੀ, ਇਹ ਹਾਈਵੇਅ ਪਟਿਆਲਾ-ਸਰਹਿੰਦ ਰੋਡ ਰਾਹੀਂ ਆਉਣ-ਜਾਣ ਵਾਲਿਆਂ ਨੂੰ ਵੀ ਆਪਸ ਵਿੱਚ ਤੇਜ਼ੀ ਨਾਲ ਜੋੜੇਗਾ।

Advertisement

ਐੱਨ ਐੱਚ ਏ ਆਈ ਦੇ ਪ੍ਰਾਜੈਕਟ ਡਾਇਰੈਕਟਰ ਆਸ਼ਿਮ ਬੰਸਲ ਨੇ ਦੱਸਿਆ ਕਿ ਮੁਹਾਲੀ-ਸਰਹਿੰਦ ਪ੍ਰਾਜੈਕਟ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਚੁੱਕਾ ਹੈ। ਮੌਨਸੂਨ ਦੇ ਕਾਰਨ ਸੜਕ ਅਜੇ ਤੱਕ ਨਹੀਂ ਖੋਲ੍ਹੀ ਗਈ ਹੈ, ਕਿਉਂਕਿ ਸੜਕ ਦੀ ਮਾਰਕਿੰਗ ਅਤੇ ਹੋਰ ਕੰਮ ਅਜੇ ਬਾਕੀ ਹਨ। ਉਨ੍ਹਾਂ ਕਿਹਾ, "ਸਤੰਬਰ ਦੀ ਸ਼ੁਰੂਆਤ ਤੱਕ ਸੜਕ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।"

ਸੜਕ ਸੁਰੱਖਿਆ ਮਾਹਰਾਂ ਮੁਤਾਬਕ, ਇਹ ਖ਼ਾਸ ਤੌਰ 'ਤੇ ਕੰਟਰੋਲਡ (ਬਿਨਾਂ ਕਿਸੇ ਰੁਕਾਵਟ ਵਾਲਾ) 4 ਤੋਂ 6 ਲੇਨ ਦਾ ਹਾਈਵੇਅ ਮੁਹਾਲੀ ਅਤੇ ਸਰਹਿੰਦ ਵਿਚਾਲੇ ਸਫ਼ਰ ਦੇ ਸਮੇਂ ਨੂੰ ਘਟਾ ਕੇ ਸਿਰਫ਼ 30 ਮਿੰਟ ਕਰ ਦੇਵੇਗਾ। ਇਸ ਨਾਲ ਵਾਹਨ ਚਾਲਕਾਂ ਨੂੰ ਸਟੇਟ ਹਾਈਵੇਅ 12A 'ਤੇ ਪੈਂਦੇ ਭਾਰੀ ਭੀੜ-ਭੜੱਕੇ ਵਾਲੇ ਲਾਂਡਰਾਂ ਚੌਕ ਵਿੱਚ ਫਸਣ ਤੋਂ ਵੱਡੀ ਰਾਹਤ ਮਿਲੇਗੀ।

ਦੂਜੇ ਪਾਸੇ , 29 ਕਿਲੋਮੀਟਰ ਲੰਮੀ ਸਰਹਿੰਦ-ਪਟਿਆਲਾ ਰੋਡ ਨੂੰ ਦੋ-ਲੇਨ (ਡਬਲ-ਲੇਨ) ਕਰਨ ਦਾ ਕੰਮ ਇਸੇ ਜੁਲਾਈ ਮਹੀਨੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਵਾਰ-ਵਾਰ ਹੁੰਦੇ ਹਾਦਸਿਆਂ ਦੇ ਕਾਰਨ ਕਿਸੇ ਸਮੇਂ ਸੜਕ ਦੇ ਇਸ ਹਿੱਸੇ ਨੂੰ ਬੇਹੱਦ ਖ਼ਤਰਨਾਕ (ਕਿਲਰ ਸਟ੍ਰੈਚ) ਮੰਨਿਆ ਜਾਂਦਾ ਸੀ।

Advertisement
×