ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਵੇਖਦਿਆਂ ਵੀਡੀਓ ਕਾਲ ਰਾਹੀ ਪਾਸਪੋਰਟ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਕਿਸੇ ਵਿਅਕਤੀ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਸਥਿਤ ਰੀਜਨਲ ਪਾਸਪੋਰਟ ਦਫ਼ਤਰ ਆਉਣ ਦੀ ਲੋੜ ਨਹੀਂ ਹੈ। ਇਸ ਗੱਲ ਦੀ ਪ੍ਰਗਟਾਵਾ ਰੀਜ਼ਨਲ ਪਾਸਪੋਰਟ ਅਫ਼ਸਰ ਸਬਿਾਸ਼ ਕਬੀਰਾਜ ਵੱਲੋਂ ਕੀਤਾ ਗਿਆ ਹੈ।
ਊਨ੍ਹਾਂ ਨੇ ਕਿਹਾ ਕਿ ਬਿਨੈਕਾਰ ਵੱਲੋਂ ਮੁਲਾਕਾਤ ਲਈ ਲਿਆ ਗਿਆ ਸਮਾਂ ਉਹੀ ਹੋਵੇਗਾ ਪਰ ਕਾਗਜ਼ਾਂ ਦੀ ਪੜਤਾਲ ਪਾਸਪੋਰਟ ਵਿਭਾਗ ਵੱਲੋਂ ਵੀਡੀਓ ਕਾਲ ਰਾਹੀਂ ਕੀਤੀ ਜਾਵੇਗੀ। ਆਨਲਾਈਨ ਪੜਤਾਲ ਤੋਂ ਬਾਅਦ ਲੋੜੀਂਦੇ ਦਸਤਾਵੇਜ਼ ਪਾਸਪੋਰਟ ਦਫ਼ਤਰ ਵਿੱਚ ਪਹੁੰਚੇ ਜਾਣਗੇ। ਸ੍ਰੀ ਸਬਿਾਸ਼ ਕਬੀਰਾਜ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਪਾਸਪੋਰਟ ਦਫ਼ਤਰ ਵਿੱਚ ਨਵਾਂ ਪਾਸਪੋਰਟ ਬਨਾਉਣ ਜਾਂ ਹੋਰ ਪੜਤਾਲ ਸਬੰਧੀ ਮੁਲਾਕਾਤ ਲਈ ਸਮਾਂ ਲਿਆ ਹੈ, ਉਨ੍ਹਾਂ ਨੂੰ ਸਰੀਰਕ ਤੌਰ ’ਤੇ ਊਥੇ ਹਾਜ਼ਰੀ ਭਰਨੀ ਹੋਵੇਗੀ।
ਜ਼ਿਕਰਯੋਗ ਹੈ ਕਿ ਪਾਸਪੋਰਟ ਸਬੰਧੀ ਕਿਸੇ ਵੀ ਦਸਤਾਵੇਜ਼ ਦੀ ਘਾਟ ਨੂੰ ਪੁਰਾ ਕਰਨ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਸੈਕਟਰ-34 ਵਿੱਚ ਸਥਿਤ ਪਾਸਪੋਰਟ ਦਫ਼ਤਰ ਵਿੱਚ ਆਉਂਦੇ ਹਨ। ਇਸ ਕਾਰਨ ਕਰੋਨਾ ਦੀ ਲਾਗ ਵਧਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਇਸ ਖੌਫ਼ ਨੂੰ ਵੇਖਦਿਆਂ ਪਾਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਦਫ਼ਤਰ ਨਾ ਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਸਮਾਜਿਕ ਦੂਰੀ ਦੇ ਨਿਯਮ ਦੀ ਊਲੰਘਣਾ ਨਾ ਹੋ ਸਕੇ ਅਤੇ ਕਰੋਨਾ ਦੇ ਫੈਲਾਅ ’ਤੇ ਨੱਥ ਪਾਈ ਜਾ ਸਕੇ।
ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਚੁੱਕੇ ਕਦਮ
ਰੀਜ਼ਨਲ ਪਾਸਪੋਰਟ ਅਫ਼ਸਰ ਸਬਿਾਸ਼ ਕਬੀਰਾਜ ਨੇ ਦੱਸਿਆ ਕਿ ਚੰਡੀਗੜ੍ਹ ਪਾਸਪੋਰਟ ਦਫ਼ਤਰ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਲੋਕ ਆਉਂਦੇ ਹਨ। ਕਰੋਨਾ ਦੇ ਫੈਲਾਅ ਨੂੰ ਵੇਖਦਿਆਂ ਪਾਸਪੋਟਰ ਵਿਭਾਗ ਵੱਲੋਂ ਘਟੋਂ-ਘੱਟ ਲੋਕਾਂ ਨੂੰ ਦਫ਼ਤਰ ਵਿੱਚ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪਾਸਪੋਰਟ ਵਿਭਾਗ ਵੱਲੋਂ ਪਾਸਪੋਰਟ ਸਬੰਧੀ ਮੁਲਾਕਾਤ ਲਈ ਆਉਣ ਵਾਲੇ ਵਿਅਕਤੀਆਂ ਦੀ ਥਰਮਲ ਸਕਰੀਨਿੰਗ ਕਰਕੇ ਦਫ਼ਤਰ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਸੀ ਅਤੇ 10 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵਧ ਉਮਰ ਦੇ ਬਿਨੈਕਾਰਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਰੀਜਨਲ ਪਾਸਪੋਰਟ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ।