ਅਜ਼ੀਜ਼ਪੁਰ ਟੌਲ ਪਲਾਜ਼ਾ ਤੋਂ ਲੰਘਣਾ ਮਹਿੰਗਾ ਹੋਇਆ
ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਪਰੈਲ
ਵਾਹਨ ਚਾਲਕਾਂ ਨੂੰ ਬਨੂੜ ਤੋਂ ਜ਼ੀਰਕਪੁਰ ਕੌਮੀ ਮਾਰਗ ’ਤੇ ਪਿੰਡ ਅਜ਼ੀਜ਼ਪੁਰ ਵਿੱਚ ਲੱਗੇ ਟੌਲ ਪਲਾਜ਼ੇ ਤੋਂ ਲੰਘਣ ਸਮੇਂ ਹੁਣ ਜੇਬ ਹੋਰ ਢਿੱਲੀ ਕਰਨੀ ਪਵੇਗੀ। ਇਸ ਟੌਲ ਪਲਾਜ਼ੇ ’ਤੇ ਟੌਲ ਦਰਾਂ ਵਧਾ ਦਿੱਤੀਆ ਗਈਆਂ ਹਨ ਅਤੇ ਵਧੀਆਂ ਹੋਈਆਂ ਦਰਾਂ 31 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ।
ਕਾਰ, ਜੀਪ ਅਤੇ ਮਿੰਨੀ ਬੱਸਾਂ ਦੀਆਂ ਟੌਲ ਦਰਾਂ ਇੱਕ ਵਾਰ ਲੰਘਣ ਦੀ ਸੂਰਤ ਵਿਚ ਪੁਰਾਣੀਆਂ ਹੀ ਕ੍ਰਮਵਾਰ 45 ਅਤੇ 75 ਰੁਪਏ ਰਹਿਣਗੀਆਂ ਪਰ ਚੌਵੀ ਘੰਟੇ ਵਿੱਚ ਆਉਣ-ਜਾਣ ਕਰਨ ਵੇਲੇ 60 ਤੋਂ ਵਧਾ ਕੇ 70 ਅਤੇ 100 ਤੋਂ ਵਧਾ ਕੇ 110 ਹੋ ਗਈਆਂ ਹਨ।
ਇਸੇ ਤਰ੍ਹਾਂ ਬੱਸਾਂ ਤੇ ਦੋ ਐਕਸਲ ਵਾਲੇ ਟਰੱਕ ਚਾਲਕਾਂ ਨੂੰ ਹੁਣ ਇੱਕ ਪਾਸੇ ਦੇ ਚੱਕਰ ਲਈ 150 ਦੀ ਥਾਂ 155 ਰੁਪਏ, ਦੋ ਪਾਸੇ ਦੇ ਚੱਕਰਾਂ ਲਈ 225 ਦੀ ਥਾਂ 230 ਰੁਪਏ ਦੇਣੇ ਪੈਣਗੇ। ਤਿੰਨ ਐਕਸਲਾਂ ਵਾਲੇ ਕਮਰਸ਼ੀਅਲ ਵਾਹਨਾਂ ਦੇ ਇੱਕ ਚੱਕਰ ਲਈ 165 ਦੀ ਥਾਂ ਹੁਣ 170 ਰੁਪਏ ਅਤੇ ਆਉਣ ਜਾਣ ਲਈ 245 ਦੀ ਥਾਂ 255 ਰੁਪਏ ਅਦਾ ਕਰਨੇ ਹੋਣਗੇ। ਚਾਰ ਤੋਂ ਛੇ ਐਕਸਲਾਂ ਵਾਲੇ ਵਾਹਨ ਚਾਲਕਾਂ ਨੂੰ ਇੱਕ ਪਾਸੇ ਦੇ ਚੱਕਰ ਲਈ 235 ਦੀ ਥਾਂ 240 ਅਤੇ ਆਉਣ ਜਾਣ ਲਈ 350 ਦੀ ਥਾਂ 365 ਰੁਪਏ ਦੇਣੇ ਹੋਣਗੇ। ਸੱਤ ਜਾਂ ਵਧੇਰੇ ਐਕਸਲਾਂ ਵਾਲੇ ਵਾਹਨਾਂ ਵਾਲਿਆਂ ਨੂੰ ਇੱਕ ਪਾਸੇ ਲਈ 285 ਦੀ ਥਾਂ 295 ਰੁਪਏ ਅਤੇ ਆਉਣ ਜਾਣ ਲਈ 425 ਦੀ ਥਾਂ 440 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ। ਜ਼ਿਲ੍ਹੇ ਵਿਚ ਰਜਿਸਟਰਡ ਨਾਨ ਕਮਰਸ਼ੀਅਲ ਵਾਹਨਾਂ ਲਈ ਮਹੀਨਾਵਾਰੀ ਪਾਸ ਬਣਾਉਣ ਲਈ 350 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ।