ਅਤਰ ਸਿੰਘ
ਡੇਰਾਬੱਸੀ, 19 ਨਵੰਬਰ
ਡੇਰਾਬੱਸੀ ਤੋਂ ਬਰਵਾਲਾ ਜਾਣ ਵਾਲੀ ਸੜਕ ਭਾਰੀ ਵਾਹਨਾਂ ਦੀ ਲਗਾਤਾਰ ਵਧਦੀ ਆਵਾਜਾਈ ਕਾਰਨ ਖਸਤਾ ਹਾਲਤ ਵਿੱਚ ਹੈ। ਇੱਥੋਂ ਰੋਜ਼ਾਨਾ ਲੰਘਣ ਵਾਲੇ ਵਾਹਨ ਖਰਾਬ ਹੋ ਰਹੇ ਹਨ ਅਤੇ ਸੜਕ ’ਤੇ ਪਏ ਡੂੰਘੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਤਕਰੀਬਨ ਸਾਰੀ ਸੜਕ ’ਤੇ ਵੱਡੇ ਟੋਏ ਪਏ ਹੋਏ ਹਨ, ਜਿਨ੍ਹਾਂ ਵਿੱਚ ਪਾਣੀ ਭਰਨ ਨਾਲ ਹਾਦਸੇ ਵਾਪਰਨ ਦਾ ਖ਼ਤਰਾ ਹੋਰ ਵਧ ਜਾਂਦਾ ਹੈ।
ਸਰਕਾਰ ਵੱਲੋਂ ਭਾਵੇਂ ਕਿ ਬਾਰਿਸ਼ਾਂ ਤੋਂ ਪਹਿਲਾਂ ਕੁਝ ਥਾਵਾਂ ’ਤੇ ਟਾਈਲਾਂ ਲਗਵਾ ਦਿੱਤੀਆਂ ਗਈਆਂ ਸਨ ਪਰ ਸਾਰੀ ਸੜਕ ਡੇਰਾਬੱਸੀ ਤੋਂ ਲੈ ਕੇ ਬਰਵਾਲਾ ਤੱਕ ਹਾਲੇ ਵੀ ਟੁੱਟੀ ਪਈ ਹੈ। ਹੁਣੇ ਦੋ ਦਿਨ ਪਹਿਲਾਂ ਹੀ ਪੈਚ ਵਰਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਬਿਨਾਂ ਲੈਵਲ ਕੀਤੇ ਹੀ ਕੰਮ ਕੀਤਾ ਜਾ ਰਿਹਾ ਹੈ। ਇਸੇ ਸੜਕ ’ਤੇ ਰਿਲਾਇੰਸ ਦੇ ਸਮਾਰਟ ਸਟੋਰ ਦੇ ਸਾਹਮਣੇ ਵਾਲੀ ਸੜਕ ’ਤੇ ਗੰਦਾ ਪਾਣੀ ਖੜ੍ਹਾ ਹੈ ਜਿਸ ਕਾਰਨ ਲੋਕਾਂ ਤੇ ਦੁਕਾਨਦਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ, ਇਸ ਬਾਰੇ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਦੇ ਪਤੀ ਨਰੇਸ਼ ਉਪਨੇਜਾ ਨੇ ਕਿਹਾ ਕਿ ਉਹ ਚੈੱਕ ਕਰਵਾ ਕੇ ਇਸ ਮਸਲੇ ਦਾ ਹੱਲ ਕਰਵਾ ਦੇਣਗੇ।