Parwinder Jhota Murder: ਪੰਜਾਬ ਬੰਦ ਹੋਣ ਕਾਰਨ ਬੱਚਿਆਂ ਨੂੰ ਛੱਡਣ ਜਾਂਦੀਆਂ ਸਕੂਲੀ ਬੱਸਾਂ ਰੋਕੀਆਂ
Punjab News: ਵਿਦਿਆਰਥੀ ਪ੍ਰੇਸ਼ਾਨ; ਕਈ ਸਕੂਲਾਂ ’ਚ ਜਲਦੀ ਛੁੱਟੀ ਹੋਣ ਕਾਰਨ ਆਈ ਸਮੱਸਿਆ
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਹੈ ਜਿਸ ਕਾਰਨ ਚੰਡੀਗੜ੍ਹ ਦੇ ਕਈ ਸਕੂਲਾਂ ਨੇ ਜਲਦੀ ਛੁੱਟੀ ਕਰ ਦਿੱਤੀ ਹੈ। ਪਰ ਇਸ ਵੇਲੇ ਖਰੜ, ਬਨੂੜ, ਜ਼ੀਰਕਪੁਰ ਤੇ ਪੰਜਾਬ ਵਿਚ ਹੋਰ ਥਾਵਾਂ ’ਤੇ ਜਾਣ ਵਾਲੇ ਬੱਚਿਆਂ ਦੀਆਂ ਬੱਸਾਂ ਹਾਈਵੇਅ ’ਤੇ ਰੋਕੀਆਂ ਗਈਆਂ ਹਨ। ਜਿਸ ਕਾਰਨ ਵਿਦਿਆਰਥੀ ਖੁਆਰ ਹੋ ਰਹੇ ਹਨ।
ਝੋਟਾ ਦੇ ਸਮਰਥਨ ਵਿਚ ਬੰਦ ਕਰਵਾਉਣ ਵਾਲਿਆਂ ਵਲੋਂ ਮੁਹਾਲੀ ਤੋਂ ਖਰੜ, ਮੁਹਾਲੀ ਤੋਂ ਬਨੂੜ ਤੇ ਚੰਡੀਗੜ੍ਹ ਤੋਂ ਜ਼ੀਰਕਪੁਰ ਜਾਂਦੇ ਰਸਤਿਆਂ ’ਤੇ ਆਵਾਜਾਈ ਰੋਕੀ ਗਈ ਹੈ ਜਿਸ ਕਾਰਨ ਸਕੂਲਾਂ ਤੋਂ ਗਈਆਂ ਬੱਸਾਂ ਨੂੰ ਵੀ ਰੋਕ ਲਿਆ ਗਿਆ ਹੈ। ਚੰਡੀਗੜ੍ਹ ਦੇ ਭਵਨ ਵਿਦਿਆਲਿਆ ਸੈਕਟਰ 33 ਵਿਚ ਆਮ ਤੌਰ ’ਤੇ ਛੁੱਟੀ ਦੁਪਹਿਰ1:50 ਵਜੇ ਹੁੰਦੀ ਹੈ ਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਛੁੱਟੀ ਸਵਾ ਬਾਰਾਂ ਵਜੇ ਹੁੰਦੀ ਹੈ ਪਰ ਅੱਜ ਸਕੂਲ ਨੇ ਪੰਜਾਬ ਬੰਦ ਕਾਰਨ ਦੁਪਹਿਰ 12:15 ਵਜੇ ਸਾਰੀਆਂ ਜਮਾਤਾਂ ਦੀ ਛੁੱਟੀ ਕਰ ਦਿੱਤੀ ਜਿਸ ਕਾਰਨ ਵਿਦਿਆਰਥੀ ਪੰਜਾਬ ਜਾਣ ਵਾਲੀਆਂ ਸੜਕਾਂ ’ਤੇ ਫਸ ਗਏ ਹਨ।
ਸਕੂਲ ਦਾ ਤਰਕ ਸੀ ਕਿ ਜੂਨੀਅਰ ਸਕੂਲਾਂ ਦੇ ਬੱਚਿਆਂ ਨੂੰ ਜਲਦੀ ਛੱਡਣ ਵਾਲੀਆਂ ਬੱਸਾਂ ਜੇ ਖਰੜ ਜਾਂ ਹੋਰ ਥਾਵਾਂ ’ਤੇ ਫਸ ਗਈਆਂ ਤਾਂ ਉਹ ਦੂਜੇੇ ਗੇੜੇ ਵਿਚ ਦੁਪਹਿਰ ਡੇਢ ਵਜੇ ਤਕ ਵਾਪਸ ਨਹੀਂ ਆ ਸਕਣਗੀਆਂ, ਇਸ ਕਰ ਕੇ ਸਾਰੇ ਸਕੂਲ ਨੂੰ ਸਵਾ ਬਾਰਾਂ ਵਜੇ ਛੁੱਟੀ ਕਰ ਦਿੱਤੀ ਗਈ।
ਇਸੇ ਤਰ੍ਹਾਂ ਸੇਂਟ ਜ਼ੇਵੀਅਰ ਸਕੂਲ ਚੰਡੀਗੜ੍ਹ ਦੀਆਂ ਕਈ ਬੱਸਾਂ ਖਰੜ ਕੋਲ ਫਸ ਗਈਆਂ। ਇਸ ਦੌਰਾਨ ਸਕੂਲ ਬੱਸਾਂ ਵਾਲਿਆਂ ਨੇ ਪੰਜਾਬ ਬੰਦ ਕਰਵਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਸਕੂਲੀ ਬੱਚਿਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਕਈ ਥਾਵਾਂ ’ਤੇ ਸਕੂਲਾਂ ਬੱਸਾਂ ਨੂੰ ਲੰਘਾਇਆ ਗਿਆ।
ਇਸ ਤੋਂ ਇਲਾਵਾ ਹੋਰ ਕਈ ਸਕੂਲਾਂ ਵਾਲਿਆਂ ਨੇ ਵੀ ‘ਪੰਜਾਬੀ ਟ੍ਰਿਬਿਊਨ’ ਨਾਲ ਅਜਿਹੀ ਸਮੱਸਿਆ ਸਾਂਝੀ ਕੀਤੀ। ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਸਕੂਲੋਂ ਲਿਆਉਂਦੇ ਹਨ, ਉੁਹ ਵੀ ਇਸ ਵੇਲੇ ਖਰੜ ਤੇ ਕਈ ਹੋਰ ਥਾਵਾਂ ’ਤੇ ਫਸੇ ਹੋਏ ਹਨ।

