ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਜਨਵਰੀ
ਇੱਥੋਂ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਵੱਲੋਂ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀ ਆਫਲਾਈਨ ਪ੍ਰੀਖਿਆ ਲਈ ਜਾ ਰਹੀ ਹੈ। ਇਸ ਲਈ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਫਲਾਈਨ ਪ੍ਰੀਖਿਆ ਲਈ ਜਬਰੀ ਸਹਿਮਤੀ ਦੇਣ ਲਈ ਕਿਹਾ ਗਿਆ ਹੈ ਜਿਸ ਖ਼ਿਲਾਫ਼ ਮਾਪੇ ਸਕੂਲ ਖਿਲਾਫ਼ ਖੜ੍ਹੇ ਹੋ ਗਏ ਹਨ। ਇਨ੍ਹਾਂ ਮਾਪਿਆਂ ਨੇ ਡਾਇਰੈਕਟਰ ਸਕੂਲ ਐਜੂਕੇਸ਼ਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸ਼ਿਕਾਇਤ ਦੇ ਕੇ ਪ੍ਰੀਖਿਆ ਸਿਰਫ ਆਨਲਾਈਨ ਕਰਵਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਕਾਰਮਲ ਕਾਨਵੈਂਟ ਸਕੂਲ ਨੇ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਪ੍ਰੀਖਿਆਵਾਂ ਸਕੂਲ ਆ ਕੇ ਦੇਣ ਬਾਰੇ ਸਰਕੂਲਰ ਜਾਰੀ ਕੀਤਾ ਹੈ। ਇਸ ਸਰਕੂਲਰ ਖਿਲਾਫ਼ ਮਾਪੇ ਪ੍ਰਿੰਸੀਪਲ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਹਾਲੇ ਕਰੋਨਾ ਦਾ ਖਤਰਾ ਨਹੀਂ ਘਟਿਆ ਹੈ ਅਤੇ ਕਰੋਨਾ ਦੇ ਨਵੇਂ ਸਟਰੇਨ ਦੇ ਕੇਸਾਂ ਕਾਰਨ ਮਾਪਿਆਂ ਵਿੱਚ ਦਹਿਸ਼ਤ ਹੈ। ਇਸ ਕਰ ਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਹੱਕ ਵਿਚ ਨਹੀਂ ਹਨ ਤੇ ਨਾ ਹੀ ਉਹ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਸਕੂਲ ਭੇਜ ਰਹੇ ਹਨ। ਇਸ ਵੇਲੇ ਇਨ੍ਹ੍ਵਾਂ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਹੀ ਲੱਗ ਰਹੀਆਂ ਹਨ ਜਿਸ ਕਰ ਕੇ ਇਹ ਪ੍ਰੀਖਿਆਵਾਂ ਵੀ ਆਨਲਾਈਨ ਹੀ ਕਰਵਾਈਆਂ ਜਾਣ। ਜ਼ਿਕਰਯੋਗ ਹੈ ਕਿ ਨੌਵੀਂ ਜਮਾਤ ਦੀ ਪ੍ਰੀਖਿਆ 9 ਫਰਵਰੀ ਤੋਂ ਤੇ 11ਵੀਂ ਦੀ 15 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਕਾਰਮਲ ਸਕੂਲ ਦੇ 120 ਮਾਪਿਆਂ ਨੇ ਕਿਹਾ ਕਿ ਸਕੂਲ ਸੱਦਣ ਕਾਰਨ ਕਈ ਮਾਪੇ ਤਣਾਅ ਵਿਚ ਹਨ। ਇਨ੍ਹਾਂ ਮਾਪਿਆਂ ਦੀ ਸ਼ਿਕਾਇਤ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਭਾਵੇਂ ਯੂਟੀ ਵੱਲੋਂ ਪੰਜਵੀਂ ਜਮਾਤ ਤੋਂ ਵੱਡੀਆਂ ਜਮਾਤਾਂ ਲਈ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਹਾਲੇ ਗਿਣਤੀ ਦੇ ਵਿਦਿਆਰਥੀ ਹੀ ਸਕੂਲ ਆ ਰਹੇ ਹਨ।
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਕਿਹਾ ਕਿ ਕੇਂਦਰ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਸਕੂਲ ਆਉਣ ਬਾਰੇ ਮਾਪਿਆਂ ਦੀ ਸਹਿਮਤੀ ਲਈ ਜਾਵੇ ਪਰ ਸਕੂਲ ਨੇ ਮਾਪਿਆਂ ’ਤੇ ਆਫਲਾਈਨ ਪ੍ਰੀਖਿਆ ਕਰਵਾਉਣ ਦਾ ਫੈਸਲਾ ਥੋਪ ਦਿੱਤਾ ਹੈ ਤੇ ਸਿੱਖਿਆ ਵਿਭਾਗ ਨੂੰ ਇਸ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵੱਲੋਂ ਆਫਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਹੈ ਪਰ ਵਿਦਿਆਰਥੀਆਂ ਦੀ ਸਮਾਜਿਕ ਦੂਰੀ ਤੇ ਕਰੋਨਾ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇਗਾ।
ਸੀਬੀਐੱਸਈ ਚੇਅਰਮੈਨ ਵੱਲੋਂ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ
ਸੀਬੀਐੱਸਈ ਚੇਅਰਮੈਨ ਮਨੋਜ ਆਹੂਜਾ ਵੱਲੋਂ ਅੱਜ (ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ ਅਸੈੱਸਮੈਂਟ) ਪੀਸਾ ਪ੍ਰੀਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਪੀਸਾ ਲਈ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਰਚਨਾਤਮਕ ਤੌਰ ’ਤੇ ਤਿਆਰ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਲੌਕਡਾਊਨ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਰਵਾਈਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਯੂਟੀ ਗੈਸਟ ਹਾਊਸ ਵਿੱਚ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ, ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ, ਐਸਸੀਈਆਰਟੀ ਡਾਇਰੈਕਟਰ ਸੁਰਿੰਦਰ ਦਹੀਆ ਨਾਲ ਵੀ ਮੀਟਿੰਗ ਕੀਤੀ ਤੇ ਪ੍ਰੀਖਿਆ ਲਈ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅਹਿਮ ਪ੍ਰੀਖਿਆ ਲਈ ਦੇਸ਼ ਭਰ ਵਿਚੋਂ ਸਿਰਫ ਚੰਡੀਗੜ੍ਹ ਦੀ ਹੀ ਚੋਣ ਕੀਤੀ ਹੈ।