Panjab University: ‘ਲਫ਼ਜ਼, ਸੁਰ ਅਤੇ ਸਫ਼ਰ’ ਦੀ ਮਹਿਫ਼ਿਲ ਨੇ ਦਰਸ਼ਕ ਕੀਲੇ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਪਣੇ ਦੋ ਸਾਬਕਾ ਵਿਦਿਆਰਥੀਆਂ ਅਤੇ ਦੇਸ਼-ਵਿਦੇਸ਼ ਵਿੱਚ ਪਛਾਣ ਬਣਾ ਚੁੱਕੇ ਰਚਨਾਕਾਰਾਂ ਡਾ. ਇਰਸ਼ਾਦ ਕਾਮਿਲ ਅਤੇ ਡਾ. ਸਤਿੰਦਰ ਸਰਤਾਜ ਦੀ ਮਹਿਫ਼ਿਲ ਕਰਵਾਈ। ਇਸ ਵਿੱਚ ਦੋਵੇਂ ਕਲਾਕਾਰਾਂ ਨੇ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਸੈਕਟਰ 25...
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਪਣੇ ਦੋ ਸਾਬਕਾ ਵਿਦਿਆਰਥੀਆਂ ਅਤੇ ਦੇਸ਼-ਵਿਦੇਸ਼ ਵਿੱਚ ਪਛਾਣ ਬਣਾ ਚੁੱਕੇ ਰਚਨਾਕਾਰਾਂ ਡਾ. ਇਰਸ਼ਾਦ ਕਾਮਿਲ ਅਤੇ ਡਾ. ਸਤਿੰਦਰ ਸਰਤਾਜ ਦੀ ਮਹਿਫ਼ਿਲ ਕਰਵਾਈ। ਇਸ ਵਿੱਚ ਦੋਵੇਂ ਕਲਾਕਾਰਾਂ ਨੇ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ।
ਸੈਕਟਰ 25 ਸਥਿਤ ਯੂਨੀਵਰਸਿਟੀ ਦੇ ਕਨਵੈਨਸ਼ਨ ਸੈਂਟਰ ਵਿੱਚ ਚੰਡੀਗੜ੍ਹ ਸਿਟੀਜ਼ਨਜ਼ ਫਾਊਂਡੇਸ਼ਨ (ਸੀ ਸੀ ਐੱਫ) ਦੀ ਪਹਿਲ ’ਤੇ ਪੰਜਾਬ ਯੂਨੀਵਰਸਿਟੀ ਐਲੂਮਨਾਈ ਐਸੋਸੀਏਸ਼ਨ (ਪੀ ਯੂ ਏ ਏ) ਵੱਲੋਂ ਸੀ ਸੀ ਐੱਫ ਦੇ ਸਹਿਯੋਗ ਨਾਲ ਸ਼ਾਮ ਸਮੇਂ ਕਰਵਾਏ ਪ੍ਰੋਗਰਾਮ ‘ਲਫ਼ਜ਼, ਸੁਰ ਅਤੇ ਸਫ਼ਰ’ ਦੌਰਾਨ ਦੋਵੇਂ ਹਸਤੀਆਂ ਨੇ ਆਪਣੀ ਰਚਨਾਤਮਕ ਯਾਤਰਾ, ਸੰਘਰਸ਼, ਪ੍ਰੇਰਨਾ ਅਤੇ ਜੀਵਨ ਦੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਵੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਤਿੰਦਰ ਸਰਤਾਜ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ। ਸਰਤਾਜ ਨੇ ਆਪਣੇ ਗੀਤਾਂ ‘ਐਨੀ ਖੁਸ਼ਬੂਦਾਰ ਹੈ ਪੀ ਯੂ ਦੀ ਮਿੱਟੀ’, ‘ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ’, ‘ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ’, ‘ਜ਼ਿਕਰ ਤੇਰਾ ਹੋਵੇ’ ਅਤੇ ‘ਧੁਰੰਧਰ-2’ ਫਿਲਮ ਦਾ ਗੀਤ ‘ਕਿਹੜੇ ਪਾਸੇ ਜਾਈਏ ਸੱਜਣਾਂ’ ਨਾਲ ਰੰਗ ਬੰਨ੍ਹਿਆ।
’ਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਯੂਨੀਵਰਸਿਟੀ ਅਤੇ ਇਸ ਦੇ ਸਾਬਕਾ ਵਿਦਿਆਰਥੀਆਂ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਣਗੇ। ਕੌਮੀ ਫਿਲਮ ਪੁਰਸਕਾਰ ਨਾਲ ਸਨਮਾਨਤ ਗੀਤਕਾਰ ਡਾ. ਇਰਸ਼ਾਦ ਕਾਮਿਲ ਨੇ ‘ਬਾਊਲ ਦਾ ਪੇੜ’ ਅਤੇ ਹੋਰ ਕਈ ਪੇਸ਼ਕਾਰੀਆਂ ਦਿੱਤੀਆਂ।
ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਪੁਸ਼ਪਿੰਦਰ ਸਿਆਲ ਅਤੇ ਪ੍ਰੋ. ਅਰਚਨਾ ਆਰ ਸਿੰਘ ਨੇ ਕੀਤਾ। ਪ੍ਰੋਗਰਾਮ ਵਿੱਚ ਵਟਸਐਪ ਨੰਬਰ ਜਾਰੀ ਕਰ ਕੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

