ਪੰਜਾਬ ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਦੀ ਰੈਂਕਿੰਗ ਵਿੱਚ ਥਾਂ ਬਣਾਈ
ਟਾਈਮਜ਼ ਹਾਇਰ ਐਜੂਕੇਸ਼ਨ (ਟੀ ਐੱਚ ਈ) ਦੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ-2027 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 701-800 ਬੈਂਡ ਵਿੱਚ ਸਥਾਨ ਮਿਲਿਆ ਹੈ। ਹਾਲਾਂਕਿ ਸਾਲ 2024, 2025 ਅਤੇ 2026 ਵਿੱਚ ਯੂਨੀਵਰਸਿਟੀ 601-800 ਬੈਂਡ ਵਿੱਚ ਸੀ ਪਰ ਪਿਛਲੇ ਚਾਰ ਸਾਲਾਂ ਦੌਰਾਨ ਕਈ ਪ੍ਰਮੁੱਖ...
ਟਾਈਮਜ਼ ਹਾਇਰ ਐਜੂਕੇਸ਼ਨ (ਟੀ ਐੱਚ ਈ) ਦੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ-2027 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 701-800 ਬੈਂਡ ਵਿੱਚ ਸਥਾਨ ਮਿਲਿਆ ਹੈ। ਹਾਲਾਂਕਿ ਸਾਲ 2024, 2025 ਅਤੇ 2026 ਵਿੱਚ ਯੂਨੀਵਰਸਿਟੀ 601-800 ਬੈਂਡ ਵਿੱਚ ਸੀ ਪਰ ਪਿਛਲੇ ਚਾਰ ਸਾਲਾਂ ਦੌਰਾਨ ਕਈ ਪ੍ਰਮੁੱਖ ਮਾਪਦੰਡਾਂ ਵਿੱਚ ਇਸ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਦਰਜ ਕੀਤਾ ਗਿਆ ਹੈ।
ਪੀ ਯੂ ਦੇ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ (ਆਈ ਕਿਊ ਏ ਸੀ) ਦੀ ਡਾਇਰੈਕਟਰ ਪ੍ਰੋ. ਸੋਨਲ ਸਿੰਘਲ ਨੇ ਦੱਸਿਆ ਕਿ 2027 ਦੀ ਰੈਂਕਿੰਗ ਵਿੱਚ ਯੂਨੀਵਰਸਿਟੀ ਦੇ ਅਧਿਆਪਨ ਦਾ ਸਕੋਰ ਵਧ ਕੇ 39.2 ਜਦਕਿ ਕੌਮਾਂਤਰੀ ਦ੍ਰਿਸ਼ਟੀਕੋਣ ਦਾ ਸਕੋਰ ਵੀ 2027 ਵਿੱਚ ਵਧ ਕੇ 25.6 ਹੋ ਗਿਆ। ਪ੍ਰੋ. ਸਿੰਘਲ ਦੇ ਅਨੁਸਾਰ ਸਾਲ 2027 ਵਿੱਚ ਖੋਜ ਵਾਤਾਵਰਣ ਦਾ ਸਕੋਰ 19.4 ਰਿਹਾ। ਖੋਜ ਗੁਣਵੱਤਾ ਦਾ ਸਕੋਰ 2027 ਵਿੱਚ 68.5 ਰਿਹਾ। ਚਾਰ ਸਾਲਾਂ ਦੇ ਅੰਕੜਿਆਂ ਅਨੁਸਾਰ ਪੀ ਯੂ ਦੇ ਅਧਿਆਪਨ ਦੇ ਸਕੋਰ ਵਿੱਚ 2024 ਦੇ 32.6 ਤੋਂ ਵਧ ਕੇ 2027 ਵਿੱਚ 39.2 ਹੋਣ ਤੱਕ 6.6 ਅੰਕਾਂ ਦਾ ਸੁਧਾਰ ਹੋਇਆ ਹੈ।
ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਮੀਨਾਕਸ਼ੀ ਗੋਇਲ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੇ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਟੀ ਐੱਚ ਈ ਰੈਂਕਿੰਗ ਵਿੱਚ ਚਾਰ ਸਾਲਾਂ ਦਾ ਪ੍ਰਦਰਸ਼ਨ ਅਕਾਦਮਿਕ ਗੁਣਵੱਤਾ, ਖੋਜ, ਕੌਮਾਂਤਰੀ ਭਾਗੀਦਾਰੀ ਅਤੇ ਸੰਸਥਾਗਤ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਦਰਸ਼ਾਉਂਦਾ ਹੈ।
ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਸਾਰੇ ਮਾਪਦੰਡਾਂ ‘ਤੇ ਆਪਣੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਂਦਿਆਂ ਅਕਾਦਮਿਕ ਅਤੇ ਖੋਜ ਉਤਕ੍ਰਿਸ਼ਟਤਾ ਦੇ ਉੱਚ ਮਿਆਰ ਹਾਸਲ ਕਰਨ ਲਈ ਵਚਨਬੱਧ ਹੈ।

