Panchkula School case: 6 ਸਾਲਾ ਬੱਚੀ ਨੂੰ ਕੁੱਟ ਕੇ ਆਨਲਾਈਨ ਗੇਮ ’ਚ ਪੁਆਇੰਟ ਹਾਸਲ ਕਰਨਾ ਚਾਹੁੰਦਾ ਸੀ 8 ਸਾਲਾ ਬੱਚਾ
‘ਫ੍ਰੀ ਫਾਇਰ’ ਗੇਮ ਖੇਡਣ ਦਾ ਆਦੀ ਸੀ ਬੱਚਾ
ਪੰਚਕੂਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਪਿਛਲੇ ਹਫ਼ਤੇ 6 ਸਾਲਾ ਨਰਸਰੀ ਦੀ ਬੱਚੀ ਨਾਲ ਕੁੱਟਮਾਰ ਕਰਨ ਵਾਲਾ 8 ਸਾਲਾ ਬੱਚਾ 'ਫ੍ਰੀ ਫਾਇਰ' ਵੀਡੀਓ ਗੇਮ ਦਾ ਆਦੀ ਸੀ। ਗੂਗਲ ਪਲੇਅ ਸਟੋਰ ’ਤੇ ਇਸ ਗੇਮ ਵਿੱਚ "ਦਰਮਿਆਨੀ ਹਿੰਸਾ" (ਮੋਡਰੇਟ ਵਾਇਲੈਂਸ) ਦੱਸੀ ਗਈ ਹੈ ਅਤੇ ਇਹ 16 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੀ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਇੱਕ ਸਰਕਾਰੀ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੱਚੇ ਨੇ ਸੋਚਿਆ ਸੀ ਕਿ ਕੁੜੀ ਨੂੰ ਕੁੱਟਣ ਨਾਲ ਉਸ ਨੂੰ "ਪੁਆਇੰਟ ਮਿਲਣਗੇ"।
28 ਅਕਤੂਬਰ ਨੂੰ ਇੱਕ ਖਾਲੀ ਕਮਰੇ ਵਿੱਚ ਹੋਈ ਇਸ ਗੰਭੀਰ ਘਟਨਾ ਵਿੱਚ, ਲੜਕੇ ਨੇ ਲੜਕੀ ਦੇ ਸਿਰ ’ਤੇ ਇੱਟ ਨਾਲ ਕਈ ਵਾਰ ਕੀਤੇ, ਉਸ ਨੂੰ ਬੈਂਚ ਨਾਲ ਪਛਾੜਿਆ, ਉਸ ਦੀ ਟਾਈ ਤੋਂ ਫੜ ਕੇ ਧੂਹਿਆ ਅਤੇ ਬੇਹੋਸ਼ ਹੋਣ ਤੱਕ ਕਈ ਲੱਤਾਂ ਮਾਰੀਆਂ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ।
ਪਿਛਲੇ ਹਫ਼ਤੇ ਪੀਜੀਆਈਐੱਮਈਆਰ (PGIMER) ਹਸਪਤਾਲ ਵਿੱਚ ਦਾਖ਼ਲ ਕਰਵਾਈ ਗਈ ਬੱਚੀ ਨੂੰ ਬੁੱਧਵਾਰ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਪਿਆਰ ਨਾਲ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਉਹ ਅੱਗੇ ਵੀ ਜਾਂਚ ਲਈ ਹਸਪਤਾਲ ਆਉਂਦੀ ਰਹੇਗੀ।
ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਬੱਚਾ ਪੰਚਕੂਲਾ ਦੇ ਜੁਵੇਨਾਇਲ ਜਸਟਿਸ ਬੋਰਡ ਦੇ ਦਫ਼ਤਰ ਤੋਂ ਇਕੱਲਾ ਬਾਹਰ ਆਇਆ, ਉਸ ਦੇ ਮਾਪੇ ਅਤੇ ਵਕੀਲ ਜ਼ਮਾਨਤ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਅਜੇ ਅੰਦਰ ਹੀ ਸਨ। ਉਸ ਨੂੰ ਦੋ ਦਿਨ ਪਹਿਲਾਂ ਅੰਬਾਲਾ ਦੇ ਬਾਲ ਸੁਧਾਰ ਘਰ ਭੇਜਿਆ ਗਿਆ ਸੀ।
ਉਹ ਬਾਕੀ ਬੱਚਿਆਂ ਵਾਂਗ ਹੀ ਹੱਸਮੁੱਖ ਅਤੇ ਬਿਲਕੁਲ ਆਮ ਦਿਖਾਈ ਦੇ ਰਿਹਾ ਸੀ। ਡੈਨਿਮ ਦੀ ਕਮੀਜ਼ ਪਹਿਨੀ ਇਸ ਬੱਚੇ ਦੇ ਅਗਲੇ ਦੋ ਦੰਦ ਬਾਹਰ ਨਿਕਲੇ ਹੋਏ ਸਨ। ਕਾਨੂੰਨ ਦੇ ਅਨੁਸਾਰ ਬੱਚੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ।
ਜਦੋਂ ਉਸ ਨੂੰ ਬੁਲਾਇਆ ਗਿਆ, ਤਾਂ ਉਹ ਮੁਸਕਰਾਉਂਦਾ ਹੋਇਆ ਆਇਆ, ਉਡੀਕ ਕਰ ਰਹੇ ਪੱਤਰਕਾਰਾਂ ਨਾਲ ਹੱਥ ਮਿਲਾਇਆ ਅਤੇ ਦੱਸਿਆ ਕਿ ਉਹ ਠੀਕ ਹੈ। ਉਸ ਦੇ ਨਾਲ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਹੁਣ ਸਪਾਈਡਰ-ਮੈਨ ਦਾ ਟੈਟੂ ਬਣਵਾਉਣ ਦੀ ਗੱਲ ਕਰ ਰਿਹਾ ਹੈ।
ਬੱਚੇ ਨਾਲ ਗੱਲਬਾਤ ਕਰਨ ਵਾਲੀ ਇੱਕ ਕਾਊਂਸਲਰ ਨੇ ਦੱਸਿਆ, "ਉਹ ਸਮਝਦਾਰ ਹੈ ਅਤੇ ਉਸ ਦੀ ਪਰਖ ਸ਼ਕਤੀ ਚੰਗੀ ਹੈ। ਉਹ ਸ਼ਰਮਾਉਂਦਾ ਨਹੀਂ ਹੈ।"
ਬੱਚੇ ਦੇ ਵਕੀਲ ਮਨਬੀਰ ਸਿੰਘ ਰਾਠੀ ਨੇ ਦੱਸਿਆ ਕਿ ਬੱਚੇ ਨੇ ਸ਼ਾਇਦ ਕਾਲੇ ਕੱਪੜਿਆਂ ਤੋਂ ਪਛਾਣ ਲਿਆ ਸੀ ਕਿ ਉਹ ਵਕੀਲ ਹਨ। ਬੱਚੇ ਨੇ ਰਾਠੀ ਨੂੰ ਕਿਹਾ ਕਿ ਉਸ ਨੂੰ ਪਤਾ ਹੈ ਕਿ ਉਹ ਉਸ ਦੀ ਰਿਹਾਈ ਲਈ ਆਏ ਹਨ।
'ਫ੍ਰੀ ਫਾਇਰ' ਵੀਡੀਓ ਗੇਮ ਨੂੰ "ਬੈਟਲ ਰੋਇਲ ਗੇਮ" ਵਜੋਂ ਜਾਣਿਆ ਜਾਂਦਾ ਹੈ ਜਿੱਥੇ ਖਿਡਾਰੀ ਆਖਰੀ ਬਾਕੀ ਬਚਣ ਵਾਲਾ ਬਣਨ ਲਈ ਲੜਦੇ ਹਨ। ਇਹ ਬਹੁਤ ਤੇਜ਼ ਗੇਮ ਹੈ, ਜਿਸ ਦਾ ਹਰੇਕ ਰਾਊਂਡ 10 ਮਿੰਟ ਤੱਕ ਚੱਲਦਾ ਹੈ ਅਤੇ ਇਹ ਮੁਫ਼ਤ ਡਾਊਨਲੋਡ ਹੁੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਦੋਸਤ ਉਸ ਤੋਂ ਵੱਡੀ ਉਮਰ ਦੇ ਹਨ। ਉਸ ਦੀ ਮਨੋਵਿਗਿਆਨਕ ਜਾਂਚ ਤੋਂ ਬਾਅਦ ਡਾਕਟਰੀ ਇਲਾਜ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਸ ਦੇ ਮਾਪਿਆਂ ਨੇ ਜੁਵੇਨਾਇਲ ਜਸਟਿਸ ਬੋਰਡ ਅੱਗੇ ਲਿਖਤੀ ਭਰੋਸਾ ਦਿੱਤਾ ਹੈ ਕਿ ਉਹ ਉਸ ਦਾ ਇਲਾਜ ਅਤੇ ਕਾਊਂਸਲਿੰਗ ਕਰਵਾਉਣਗੇ।
ਬੱਚੇ ਦਾ ਪਿਤਾ ਡਰਾਈਵਰ ਵਜੋਂ ਕੰਮ ਕਰਦਾ ਹੈ ਜਦੋਂ ਕਿ ਉਸ ਦੀ ਮਾਂ ਘਰੇਲੂ ਔਰਤ ਹੈ।
ਪੀਜੀਆਈਐੱਮਈਆਰ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਮੰਨੇ-ਪ੍ਰਮੰਨੇ ਚਾਈਲਡ ਮਨੋਵਿਗਿਆਨੀ ਡਾ. ਆਦਰਸ਼ ਕੋਹਲੀ ਨੇ ਕਿਹਾ, "ਬੱਚੇ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ, ਉਸ ਦੇ ਦਿਮਾਗੀ ਪੱਧਰ, ਮਾਪਿਆਂ ਵੱਲੋਂ ਦਿੱਤੇ ਜਾਂਦੇ ਸਮੇਂ, ਗੁੱਸੇ ਨੂੰ ਕਾਬੂ ਕਰਨ ਦੇ ਨਿੱਜੀ ਸੈਸ਼ਨਾਂ, ਅਤੇ ਸਹਿਣਸ਼ੀਲਤਾ ਵਧਾਉਣ ’ਤੇ ਧਿਆਨ ਦੇਣ ਦੀ ਲੋੜ ਹੈ। ਇਸ ਲਈ ਕਈ ਤਰ੍ਹਾਂ ਦੀਆਂ ਜਾਂਚ ਅਤੇ ਸੁਧਾਰ ਤਕਨੀਕਾਂ ਉਪਲੱਬਧ ਹਨ, ਜਿਵੇਂ ਕਿ ਆਦਤਾਂ ਨੂੰ ਬਦਲਣਾ ਅਤੇ ਅਣਚਾਹੇ ਵਿਵਹਾਰ ਨੂੰ ਭੁਲਾਉਣਾ। ਅਜਿਹੇ ਮਾਮਲਿਆਂ ਵਿੱਚ ਬੱਚੇ ਅਤੇ ਮਾਪਿਆਂ ਦੀ ਕਾਊਂਸਲਿੰਗ ਦੇ ਨਾਲ-ਨਾਲ ਬਿਹੇਵੀਅਰ ਥੈਰੇਪੀ (ਵਿਵਹਾਰਿਕ ਇਲਾਜ) ਬਹੁਤ ਲਾਹੇਵੰਦ ਹੁੰਦੀ ਹੈ।"
ਵੀਡੀਓ ਗੇਮਾਂ ਦੀ ਲਤ ਬਾਰੇ ਉਨ੍ਹਾਂ ਕਿਹਾ, "ਵੀਡੀਓ ਗੇਮਾਂ ਖੇਡਣਾ ਅਸਲ ਵਿੱਚ ਅਜਿਹੀਆਂ ਚੀਜ਼ਾਂ ਨਾਲ ਸਿੱਝਣਾ ਹੈ ਜਿਨ੍ਹਾਂ ਨੂੰ ਦਰਦ ਮਹਿਸੂਸ ਨਹੀਂ ਹੁੰਦਾ। ਜਿੱਤਣ ਅਤੇ ਪੁਆਇੰਟ ਬਣਾਉਣ ਦੀ ਲਤ ਇੱਕ ਮਜ਼ਬੂਰੀ ਬਣ ਜਾਂਦੀ ਹੈ। ਇਹ ਆਦਤ ਗਾਂਜੇ (ਕੈਨਾਬਿਸ) ਦੇ ਨਸ਼ੇ ਨਾਲੋਂ ਵੀ ਮਾੜੀ ਹੈ। ਇਸ ਦੀ ਵਰਤੋਂ ਮੁਕਾਬਲੇਬਾਜ਼ੀ ਵਾਲੀ ਹੁੰਦੀ ਹੈ ਅਤੇ ਉਹ ਗੇਮ ਵਿੱਚ ਜਿੱਤ ਜਾਂਦੇ ਹਨ, ਪਰ ਹੋ ਸਕਦਾ ਹੈ ਕਿ ਅਸਲ ਜ਼ਿੰਦਗੀ ਵਿੱਚ ਉਹ ਹਾਰ ਰਹੇ ਹੋਣ। ਇਸ ਲਈ ਇਹ ਜਿੱਤਣ ਦਾ ਇੱਕ ਝੂਠਾ ਅਹਿਸਾਸ ਹੈ।"

