Panchayat Land: ਸ਼ਾਮਲਾਤ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਦੀ ਮੰਗ
ਚਮਕੌਰ ਸਾਹਿਬ ਬਲਾਕ ਅਧੀਨ ਪੈਂਦੇ ਪਿੰਡ ਜਿੰਦਾਪੁਰ ਦੀ ਪੰਚਾਇਤ ਨੇ ਪਿੰਡ ਦੀ ਸ਼ਾਮਲਾਤ (ਪੰਚਾਇਤੀ) ਜ਼ਮੀਨ ’ਤੇ ਕਥਿਤ ਕਬਜ਼ੇ ਅਤੇ ਸਿਆਸੀ ਦਬਾਅ ਹੇਠ ਚਕੋਤੇਦਾਰ ਕਿਸਾਨ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਉਣ ਦੇ ਦੋਸ਼ ਲਗਾਏ ਹਨ। ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਮਾਨ, ਜ਼ਿਲ੍ਹਾ...
ਚਮਕੌਰ ਸਾਹਿਬ ਬਲਾਕ ਅਧੀਨ ਪੈਂਦੇ ਪਿੰਡ ਜਿੰਦਾਪੁਰ ਦੀ ਪੰਚਾਇਤ ਨੇ ਪਿੰਡ ਦੀ ਸ਼ਾਮਲਾਤ (ਪੰਚਾਇਤੀ) ਜ਼ਮੀਨ ’ਤੇ ਕਥਿਤ ਕਬਜ਼ੇ ਅਤੇ ਸਿਆਸੀ ਦਬਾਅ ਹੇਠ ਚਕੋਤੇਦਾਰ ਕਿਸਾਨ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਉਣ ਦੇ ਦੋਸ਼ ਲਗਾਏ ਹਨ। ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਮਾਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਤੋਂ ਦਖ਼ਲ ਦੇ ਕੇ ਪੰਚਾਇਤ ਦੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ ਅਤੇ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।
ਸਰਪੰਚ ਜਤਿੰਦਰ ਕੌਰ ਅਤੇ ਮਲਕੀਤ ਸਿੰਘ ਸਣੇ ਹੋਰ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਪੰਚਾਇਤ ਨੇ 6 ਜੂਨ ਨੂੰ ਸਾਲ 2026-27 ਲਈ ਪਿੰਡ ਮੁਲਾਣਾ ਵਿੱਚ ਸਥਿਤ ਕਰੀਬ ਦੋ ਏਕੜ ਸ਼ਾਮਲਾਤ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਸੀ। ਇਸ ਵਿੱਚ ਪਿੰਡ ਘੁੜਕੇਵਾਲ ਦੇ ਦਰਸ਼ਨ ਸਿੰਘ ਨੇ 75,800 ਰੁਪਏ ਸਾਲਾਨਾ ਚਕੋਤੇ ’ਤੇ ਸਭ ਤੋਂ ਵੱਧ ਬੋਲੀ ਦੇ ਕੇ ਜ਼ਮੀਨ ਲਈ ਅਤੇ ਨਿਰਧਾਰਤ ਰਕਮ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਪੰਚਾਇਤ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਸੱਤਾਧਾਰੀ ਪਾਰਟੀ ਨਾਲ ਸਬੰਧਤ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਦਿਆਂ ਇਸ ਜ਼ਮੀਨ ’ਤੇ ਜ਼ਬਰਦਸਤੀ ਬਾਜਰਾ ਬੀਜ ਦਿੱਤਾ। ਵਿਰੋਧ ਕਰਨ ’ਤੇ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਕਥਿਤ ਤੌਰ ’ਤੇ ਧਮਕੀਆਂ ਵੀ ਦਿੱਤੀਆਂ ਗਈਆਂ। ਪੰਚਾਇਤ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਹੈ।
ਮਿਣਤੀ ਮਗਰੋਂ ਕਾਰਵਾਈ ਕਰਾਂਗੇ: ਡੀ ਐੱਸ ਪੀ
ਡੀ ਐੱਸ ਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਗ੍ਰਾਮ ਪੰਚਾਇਤ ਜਿੰਦਾਪੁਰ ਅਤੇ ਨਵਾਂਸ਼ਹਿਰ ਦੇ ਮਾਲ ਵਿਭਾਗ ਨੂੰ ਸਾਂਝੇ ਤੌਰ ’ਤੇ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਬੀ ਡੀ ਪੀ ਓ ਨੂੰ ਲਿਖਿਆ ਹੈ। ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

