ਬਨੂੜ ਖੇਤਰ ਵਿੱਚ ਅੱਜ ਝੋਨੇ ਦੀ ਵਾਢੀ ਸ਼ੁਰੂ ਹੋ ਗਈ ਹੈ। ਪਿੰਡ ਖਿਜ਼ਰਗੜ੍ਹ-ਕਨੌੜ ਵਿੱਚ ਕਿਸਾਨ ਕੇਸਰ ਸਿੰਘ, ਸਤਵਿੰਦਰ ਸਿੰਘ ਅਤੇ ਲਾਲੂ ਕੰਬੋਜ ਨੇ ਕੰਬਾਈਨ ਨਾਲ ਝੋਨੇ ਨੂੰ ਕਟਵਾ ਦਿੱਤਾ ਹੈ।
ਕਰਾਲੀ ਦੇ ਕਿਸਾਨ ਪਾਲ ਸਿੰਘ ਵੱਲੋਂ ਝੋਨੇ ਦੀ ਵਾਢੀ ਕਰਵਾਈ ਗਈ। ਕਿਸਾਨਾਂ ਨੇ ਦੱਸਿਆ ਕਿ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ 126 ਝੋਨਾ ਵੱਢਿਆ ਗਿਆ ਹੈ। ਬਾਕੀ ਹਾਈਬਰਿੱਡ ਬੀਜਾਂ ਦੀਆਂ ਕਿਸਮਾਂ ਹਾਲੇ ਪੱਕਣ ਨੂੰ ਪੰਦਰਾਂ ਤੋਂ ਵੀਹ ਦਿਨ ਹੋਰ ਲੈ ਲੈਣਗੀਆਂ। ਕਿਸਾਨਾਂ ਨੇ ਦੱਸਿਆ ਕਿ ਉਹ ਕੁੱਝ ਖੇਤਰ ’ਚ ਜਲਦੀ ਪੱਕਣ ਵਾਲੇ ਝੋਨੇ ਦੀ ਕਾਸ਼ਤ ਕਰਦੇ ਹਨ ਅਤੇ ਇਨ੍ਹਾਂ ਖੇਤਾਂ ’ਚ ਅਗੇਤੇ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਕਿਸਾਨਾਂ ਨੇ ਦੱਸਿਆ ਕਿ ਭਰਵੇਂ ਮੀਂਹ ਨਾ ਪੈਣ ਦੇ ਬਾਵਜੂਦ ਝੋਨੇ ਦਾ ਝਾੜ ਠੀਕ ਹੈ ਅਤੇ ਕੋਈ ਵੀ ਬਿਮਾਰੀ ਨਾ ਹੋਣ ਕਾਰਨ ਝੋਨਾ ਪੂਰੀ ਤਰ੍ਹਾਂ ਸਾਫ਼ ਹੈ। ਕੰਬਾਈਨ ਮਾਲਕ ਕੇਸਰ ਸਿੰਘ ਕਨੌੜ ਨੇ ਦੱਸਿਆ ਕਿ ਕਈ ਪਿੰਡਾਂ ਦੇ ਕਿਸਾਨ ਝੋਨਾ ਵਢਵਾਉਣ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਤੱਕ ਇਸ ਖੇਤਰ ਵਿਚ ਝੋਨੇ ਦੀ ਵਾਢੀ ਵੱਡੇ ਪੱਧਰ ’ਤੇ ਸ਼ੁਰੂ ਹੋ ਜਾਵੇਗੀ।
15 ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੀ ਮੰਗ
ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਹਿਲੀ ਅਕਤੂਬਰ ਦੀ ਥਾਂ 15 ਸਤੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਨੂੜ ਖੇਤਰ ’ਚ ਵੱਡੀ ਪੱਧਰ ’ਤੇ ਆਲੂਆਂ ਦੀ ਕਾਸ਼ਤ ਹੁੰਦੀ ਹੈ ਅਤੇ ਇੱਥੇ ਘੱਟ ਸਮੇਂ ਵਿਚ ਪੱਕਣ ਵਾਲਾ ਝੋਨਾ ਲੱਗਿਆ ਹੋਇਆ ਹੈ। ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੂੰ ਘੱਟ ਕੀਮਤ ’ਤੇ ਵਪਾਰੀਆਂ ਨੂੰ ਫ਼ਸਲ ਵੇਚਣੀ ਪਵੇਗੀ।

