ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 3 ਜੂਨ
ਮੁੱਖ ਅੰਸ਼
- ਆਰਥਿਕ ਮੰਦੀ ਨਾਲ ਨੱਜਿਠਣ ਲਈ ਪੈਕੇਜ ਮੰਗਿਆ ਤੇ ਬਿਜਲੀ ਬਿੱਲ ਮੁਆਫ਼ ਕਰਨ ਦੀ ਅਪੀਲ
ਇਥੇ ਫੇਜ਼-11 ਵਿੱਚ ਸ਼ਹਿਰ ਦੇ ਜਿੰਮ ਮਾਲਕਾਂ ਨੇ ਜਿਮਾਂ ਨੂੰ ਨਾ ਖੋਲ੍ਹੇ ਜਾਣ ਵਿਰੁੱਧ ਅੱਜ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੇ ਬੁਲਾਰੇ ਅਭਿਸ਼ੇਕ ਗਜਰੇਜਾ ਨੇ ਦੱਸਿਆ ਕਿ ਉਨ੍ਹਾਂ ਦੇ ਜਿਮ 15 ਮਾਰਚ ਤੋਂ ਬੰਦ ਪਏ ਹਨ ਅਤੇ ਇਨ੍ਹਾਂ ਜਿਮਾਂ ਦੀਆਂ ਇਮਾਰਤਾਂ ਦੇ ਕਿਰਾਏ ਕਾਫ਼ੀ ਜ਼ਿਆਦਾ ਹੋਣ ਕਾਰਨ ਪਿਛਲੇ ਤਿੰਨ ਮਹੀਨਿਆਂ ਦੌਰਾਨ ਵੱਡੀ ਰਕਮ ਦੀ ਦੇਣਦਾਰੀ ਉਨ੍ਹਾਂ ਦੇ ਸਿਰ ਚੜ੍ਹ ਗਈ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਮੈਂਬਰਾਂ ਅਤੇ ਟ੍ਰੇਨਰਾਂ ਦੇ ਖਰਚੇ ਵੀ ਉਨ੍ਹਾਂ ਨੂੰ ਸਹਿਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਵਲੋਂ ਜਿਮ ਵਿੱਚ ਪੂਰੇ ਸਾਲ ਭਰ ਦੀ ਫ਼ੀਸ (ਪੈਕੇਜ) ਐਡਵਾਂਸ ਵਿੱਚ ਜਮ੍ਹਾਂ ਕਰਵਾਈ ਗਈ ਹੈ, ਉਹ ਆਪਣੇ ਪੈਸਿਆਂ ਦੀ ਵਾਪਸੀ ਦੀ ਵੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਾਰੇ ਅਦਾਰੇ ਅਤੇ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਹਨ ਤਾਂ ਫ਼ਿਰ ਜਿੰਮਾਂ ਨੂੰ ਬੰਦ ਰੱਖੇ ਜਾਣ ਦਾ ਫੈਸਲਾ ਦਰੁਸਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਜਿਮਾਂ ਦਾ ਕਿਰਾਇਆ ਦੇਣ ਲਈ ਪੈਕੇਜ ਦਿੱਤਾ ਜਾਵੇ, ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣ ਅਤੇ ਤੁਰੰਤ ਜਿਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮੌਕੇ ਸੂਰਜ ਭਾਨ, ਅਭਿਨਵ ਭਾਰਤੀ, ਜਸਪ੍ਰੀਤ ਸਿੰਘ ਸਿੱਧੂ, ਮਧੂਕਰ ਸ਼ਰਮਾ, ਗੁਰਪ੍ਰੀਤ ਸਿੰਘ, ਆਦਿੱਤਆ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ।